ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਥਾਈ ਟਿਕਾਊ ਵਿਕਾਸ ਟੀਚਿਆਂ (ਐਲ. ਐਸ. ਡੀ. ਜੀ) ਦੀ ਪ੍ਰਾਪਤੀ ਲਈ ਸਰਪੰਚਾਂ ਅਤੇ ਪੰਚਾਂ ਲਈ ਦੋ ਰੋਜ਼ਾ ਆਨਲਾਈਨ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਵਰਕਸ਼ਾਪ ਜ਼ਿਲ੍ਹਾ ਪ੍ਰੀਸ਼ਦ ਦੀ ਇਮਾਰਤ ਵਿੱਚ ਹੋਈ ਜਿੱਥੇ ਡਿਪਟੀ ਸੀ.ਈ.ਓ. ਨਵਨੀਤ ਜੋਸ਼ੀ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਰੁਪਿੰਦਰਜੀਤ ਕੌਰ ਵਲੋਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਦਾ ਸਵਾਗਤ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਪੰਚਾਇਤਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਕਾਰਜਕਰਤਾਵਾਂ ਨੂੰ ਐਲ.ਐਸ.ਡੀ.ਜੀ ਦੇ ਥੀਮੈਟਿਕ ਪਹੁੰਚ ਅਪਣਾ ਕੇ ਸਥਾਈ ਟਿੱਚਿਆਂ ਦੀ ਪ੍ਰਭਾਵੀ ਡਿਲੀਵਰੀ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਨਾ ਹੈ। ਪੰਚਾਂ/ਸਰਪੰਚਾਂ ਨੂੰ ਗਰੀਬੀ ਮੁਕਤ ਅਤੇ ਵਧੇਰੇ ਆਜੀਵਿਕਾ ਵਾਲਾ ਪਿੰਡ, ਪਾਣੀ ਭਰਪੂਰ ਪਿੰਡ, ਸਵੱਛ ਅਤੇ ਹਰੀ-ਭਰੀ ਪੰਚਾਇਤ, ਸਿਹਤਮੰਦ ਪਿੰਡ, ਸਵੈ-ਨਿਰਭਰ ਬੁਨਿਆਦੀ ਢਾਂਚਾ, ਸਮਾਜਿਕ ਤੌਰ 'ਤੇ ਸੁਰੱਖਿਅਤ ਅਤੇ ਸਮਾਜਿਕ ਨਿਆਂ, ਚੰਗਾ ਪ੍ਰਸ਼ਾਸਨ ਅਤੇ ਔਰਤਾਂ ਦੇ ਅਨੁਕੂਲ ਪਿੰਡਾਂ ਬਾਰੇ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਵਿੱਚ ਸੂਬਾ ਪੇਂਡੂ ਵਿਕਾਸ ਸੰਸਥਾਨ ਦੇ ਰਿਸੋਰਸ ਪਰਸਨਜ਼ ਸੁਨੀਤਾ ਸ਼ਰਮਾ ਅਤੇ ਵੀਰਪਾਲ ਕੌਰ ਨੇ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਸਥਾਰਪੂਰਵਕ ਸਿਖਲਾਈ ਦਿੱਤੀ। ਇਸ ਉਪਰੰਤ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਵਰਕਸ਼ਾਪ ਨੂੰ ਸੰਬੋਧਨ ਕੀਤਾ।