
ਲੁਧਿਆਣਾ, 2 ਫਰਵਰੀ 2025 : ਭਾਰਤੀ ਅਥਲੈਟਿਕਸ ਜਗਤ ਦੇ ਰੌਸ਼ਨ ਮੀਨਾਰ ਉਲੰਪੀਅਨ ਮਹਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬ ਨੂੰ ਸਮਾਂ ਬੱਧ ਨੀਤੀ ਵਾਲਾ ਖੇਡ ਸੱਭਿਆਚਾਰ ਉਸਾਰਨ ਦੀ ਲੋੜ ਹੈ ਤਾਂ ਜੋ ਸਭਨਾਂ ਲਈ ਸਿਹਤ ਯਕੀਨੀ ਬਣ ਸਕੇ ਅਤੇ ਸਹੀ ਤਕਨੀਕ ਦੀ ਸਿਖਲਾਈ ਵਾਲੇ ਕੌਮੀ ਤੇ ਕੌਮਾਂਤਰੀ ਖਿਡਾਰੀ ਪੈਦਾ ਹੋ ਸਕਣ। ਸ. ਗਿੱਲ ਦਾ ਪਰਿਵਾਰ ਫੋਲੜੀਵਾਲ- ਜਮਸ਼ੇਰ(ਜਲੰਧਰ) ਵਿੱਚ ਵੰਡ ਮਗਰੋਂ ਆਣ ਵੱਸਿਆ ਕਿਊਂਕਿ ਬਾਰਾਂ ਆਬਾਦ ਕਰਨ ਵੇਲੇ ਏਥੋਂ ਹੀ ਗਿਆ ਸੀ। ਸਪੋਰਟਸ ਸਕੂਲ ਜਲੰਧਰ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਸ. ਮਹਿੰਦਰ ਸਿੰਘ ਨੇ ਆਪਣੇ ਕਈ ਪੁਰਾਣੇ ਸਾਥੀਆਂ ਨੂੰ ਯਾਦ ਕੀਤਾ ਜਿੰਨ੍ਹਾਂ ਵਿੱਚੋ. ਸ. ਤੇਜਾ ਸਿੰਘ ਧਾਲੀਵਾਲ ਤੇ ਉੱਡਣਾ ਬਾਜ਼ ਸ. ਗੁਰਬਚਨ ਸਿੰਘ ਰੰਧਾਵਾ ਪ੍ਰਮੁੱਖ ਹਨ। ਨਵਾਂ ਜਮ਼ਸ਼ੇਰ(ਨੇੜੇ ਨਨਕਾਣਾ ਸਾਹਿਬ)ਪਾਕਿਸਤਾਨ ਦੇ 1944 ਵਿੱਚ ਜੰਮਪਲ ਉਲੰਪੀਅਨ ਸ. ਮਹਿੰਦਰ ਸਿੰਘ ਗਿੱਲ ਅਮਰੀਕਾ ਦੇ ਸ਼ਹਿਰ ਪਲੈਜੈਂਟਨ (ਕੈਲੋਫੋਰਨੀਆ) ਤੋਂ ਵਿਸ਼ੇਸ਼ ਤੌਰ ਤੇ ਅੱਜ ਨਗਰ ਪਾਲਿਕਾ ਰਾਏਕੋਟ ਦੇ ਸਾਬਕਾ ਪ੍ਰਧਾਨ ਅਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਗਿੱਲ ਦੇ ਸਪੁੱਤਰ ਦੇ ਵਿਆਹ ਸਮਾਗਮ ਵਿੱਚ ਰਾਏਕੋਟ ਪਹੁੰਚੇ ਹੋਏ ਸਨ। ਮਹਿੰਦਰ ਸਿੰਘ ਗਿੱਲ ਦੀ ਖੇਡ ਜੀਵਨੀ ਲਿਖ ਰਹੇ ਖੇਡ ਲਿਖਾਰੀ ਸ. ਨਵਦੀਪ ਸਿੰਘ ਗਿੱਲ ਨੇ ਮਹਿੰਦਰ ਸਿੰਘ ਗਿੱਲ ਬਾਰੇ ਜਾਣਕਾਰੀ ਦੋਂਦਿਆਂ ਦੱਸਿਆ ਕਿ ਅੰਤਰ ਰਾਸ਼ਟਰੀ ਖੇਡ ਦ੍ਰਿਸ਼ ਵਿੱਚ ਇੱਕ ਸਮਾਂ ਉਹ ਵੀ ਸੀ ਜਦੋਂ ਮਹਿੰਦਰ ਸਿੰਘ ਗਿੱਲ ਦੇ ਨਾਂ ਅੰਤਰਰਾਸ਼ਟਰੀ ਮੀਟਾਂ ਦੇ 19 ਰਿਕਾਰਡ ਸਨ। ਉਸ ਨੇ ਕੌਮੀ ਤੇ ਕੌਮਾਂਤਰੀ ਮੀਟਾਂ ’ਚੋਂ 100 ਤੋਂ ਵੱਧ ਮੈਡਲ ਜਿੱਤੇ ਹਨ। ਉਸ ਨੇ ਏਸ਼ਿਆਈ ਖੇਡਾਂ ਤੇ ਏਸ਼ਿਆਈ ਅਥਲੈਟਿਕਸ ਮੀਟਾਂ ਵਿੱਚੋਂ ਇੱਕ ਚਾਂਦੀ ਤੇ ਦੋ ਸੋਨੇ ਦੇ ਤਗ਼ਮੇ ਜਿੱਤੇ ਸਨ। ਕਾਮਨਵੈਲਥ ਖੇਡਾਂ ਵਿੱਚੋਂ ਵੀ ਇੱਕ ਚਾਂਦੀ ਤੇ ਇੱਕ ਤਾਂਬੇ ਦਾ ਤਗ਼ਮਾ ਜਿੱਤਿਆ ਸੀ। ਟੈਕਸਾਸ ਦੀ ਇੱਕ ਮੀਟ ਵਿੱਚ 56 ਫੁੱਟ ਸਾਢੇ 4 ਇੰਚ ਤੀਹਰੀ ਛਾਲ ਲਾਈ ਸੀ ਜਿਸ ਨਾਲ ਉਹ ਵਿਸ਼ਵ ਦਾ ਚੋਟੀ ਦਾ ਅਥਲੀਟ ਗਿਣਿਆ ਗਿਆ ਸੀ। 1971 ਦੀਆਂ ਪ੍ਰੀ-ਓਲੰਪਿਕ ਖੇਡਾਂ ਵਿੱਚ ਉਹ ਏਸ਼ੀਆ ਦਾ ਇੱਕੋ ਇੱਕ ਅਥਲੀਟ ਸੀ ਜੋ ਚਾਂਦੀ ਦਾ ਤਗ਼ਮਾ ਜਿੱਤ ਸਕਿਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ. ਮਹਿੰਦਰ ਸਿੰਘ ਗਿੱਲ ਨੂੰ ਵੇਖਣਾ, ਮਿਲਣਾ ਤੇ ਗੱਲਬਾਤ ਕਰਨਾ ਮੇਰੇ ਲਈ ਸੁਪਨੇ ਵਾਂਗ ਹੈ ਕਿਉਂਕਿ ਜਦ ਤੋਂ ਮੈਂ ਪ੍ਰਿੰਸੀਪਲ ਸਰਵਣ ਸਿੰਘ ਦਾ ਸ. ਮਹਿੰਦਰ ਸਿੰਘ ਗਿੱਲ ਬਾਰੇ ਲੇਖ “ਅਲਸੀ ਦਾ ਫੁੱਲ” ਪੜ੍ਹਿਆ ਸੀ, ਉਦੋਂ ਤੋਂ ਹੀ ਮਿਲਣ ਦੀ ਤਾਂਘ ਸੀ। ਨੇੜ ਭਵਿੱਖ ਵਿੱਚ ਸ. ਮਹਿੰਦਰ ਸਿੰਘ ਗਿੱਲ ਜੀ ਨੂੰ ਲੁਧਿਆਣਾ ਬੁਲਾ ਕੇ ਖੇਡ ਪ੍ਰੇਮੀਆਂ ਦੇ ਰੂ ਬ ਰੂ ਕੀਤਾ ਜਾਵੇਗਾ। ਇਸ ਮੌਕੇ ਫ਼ਰਿਜਨੋ ਤੋਂ ਆਏ ਪੈਨ ਅਮੈਰਿਕਨ ਖੇਡਾਂ ਦੇ ਚੈਂਪੀਅਨ ਐਥਲੀਟ ਸ. ਗੁਰਬਖ਼ਸ਼ ਸਿੰਘ ਸਿੱਧੂ, ਸ. ਜਗਦੀਸ਼ਪਾਲ ਸਿੰਘ ਗਰੇਵਾਲ ਸਾਬਕਾ ਸਰਪੰਚ ਦਾਦ, ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਵਿਧਾਇਕ, ਤਲਵਿੰਦਰ ਸਿੰਘ ਘੁਮਾਣ (ਨਿਊ ਜਰਸੀ) ਅਮਰੀਕਾ, ਪ੍ਰਭਜੋਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਜੱਟਪੁਰੀ, ਬਲਕਾਰ ਸਿੰਘ, ਰਘਬੀਰ ਸਿੰਘ ਜੱਗਾ ਤੇ ਕਈ ਹੋਰ ਸਿਰਕੱਢ ਸ਼ਖ਼ਸੀਅਤਾਂ ਹਾਜ਼ਰ ਸਨ।