- ਮੌਜੂਦਾ ਬਿਜਲੀ ਸੰਕਟ ਬਾਰੇ ਕੀਤੀ ਵਿਚਾਰ ਚਰਚਾ
- ਕਿਹਾ! ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕੀਤੇ ਜਾਣ ਹਰ ਸੰਭਵ ਉਪਰਾਲੇ
ਲੁਧਿਆਣਾ, 14 ਜੂਨ 2024 : ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਪ੍ਰਧਾਨਗੀ ਹੇਠ ਪੀ.ਐਸ.ਪੀ.ਸੀ.ਐਲ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ। ਮੀਟਿੰਗ ਦੌਰਾਨ ਵਿਧਾਇਕ ਛੀਨਾ ਵੱਲੋਂ ਅਧਿਕਾਰੀਆਂ ਨਾਲ ਮੌਜੂਦਾ ਬਿਜਲੀ ਸੰਕਟ ਬਾਰੇ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਹਲਕੇ ਦੇ ਵਸਨੀਕਾਂ ਨੂੰ ਬਿਜਲੀ ਸਬੰਧੀ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕੇ ਜੇਕਰ ਕੋਈ ਤਾਰਾਂ ਜਾਂ ਟਰਾਂਸਫਾਰਮਰ ਬਦਲਣ ਜਾਂ ਲੋਡ ਵਧਾਉਣ ਦੀ ਲੋੜ ਹੈ ਤਾਂ ਉਸ ਸਬੰਧ ਵਿੱਚ ਵੀ ਤੁਰੰਤ ਲੋੜੀਂਦੀ ਕਾਰਵਾਈ ਅਮਲੀ ਵਿੱਚ ਲਿਆਂਦੀ ਜਾਵੇ। ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਸ਼ਹਿਰ ਅਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਸਬੰਧੀ ਢੁੱਕਵੇਂ ਪ੍ਰਬੰਧ ਕਰਨਾ ਸਮੇਂ ਦੀ ਲੋੜ ਹੈ। ਇਸ ਅਹਿਮ ਮੀਟਿੰਗ ਵਿੱਚ ਜਨਤਾ ਨਗਰ, ਫੋਕਲ ਪੁਆਇੰਟ, ਸਰੀਂਹ, ਗਿਆਸਪੁਰਾ ਦੇ ਸਮੂਹ ਐਕਸੀਅਨ, ਐਸ.ਡੀ.ਓਜ਼, ਜੇ.ਈਜ਼ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।