ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਵੇਗੀ : ਮੁੱਖ ਸਕੱਤਰ

  • ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਫ਼ਤਹਿਗੜ੍ਹ ਸਾਹਿਬ, 24 ਦਸੰਬਰ (ਹਰਪ੍ਰੀਤ ਸਿੰਘ ਗੁੱਜਰਵਾਲ) : ਦਸਮਪਿਤਾ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਦੁਨੀਆ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ ਅਤੇ ਛੋਟੇ ਸਾਹਿਬਜ਼ਾਦਿਆਂ ਵੱਲੋਂ 07 ਤੇ 09 ਸਾਲ ਦੀ ਉਮਰ ਵਿੱਚ ਦਿੱਤੀ ਸ਼ਹਾਦਤ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇ.ਏ.ਪੀ. ਸਿਨਹਾ ਨੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਮੁੱਖ ਸਕੱਤਰ ਨੇ ਕਿਹਾ ਕਿ ਦੁਨੀਆਂ ਕਦੇ ਵੀ ਜੁਲਮ ਕਰਨ ਵਾਲਿਆਂ ਨੂੰ ਯਾਦ ਨਹੀਂ ਕਰਦੀ ਜਦੋਂ ਕਿ ਜੁਲਮ ਖਿਲਾਫ ਲੜਨ ਵਾਲਿਆਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਸਾਡੇ ਨੌਜਵਾਨਾਂ ਅੰਦਰ ਜੁਲਮ ਖਿਲਾਫ ਲੜਨ ਦਾ ਹੌਂਸਲਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹਾਦਤ ਸਾਨੂੰ ਇਹ ਸਬਕ ਵੀ ਦਿੰਦੀ ਹੈ ਕਿ ਸਾਨੂੰ ਕਿਸੇ ਤੇ ਜੁਲਮ ਨਾ ਕਰਕੇ ਹੱਕ ਸੱਚ ਦੇ ਰਾਹ ਤੇ ਤੁਰਨਾ ਚਾਹੀਦਾ ਹੈ। ਸ਼੍ਰੀ ਸਿਨਹਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਦੁਨੀਆਂ ਦੇ ਇਤਿਹਾਸ ਦੀ ਇਸ ਲਾਸਾਨੀ ਸ਼ਹਾਦਤ ਬਾਰੇ ਜਾਗਰੂਕ ਕਰੀਏ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਸੂਬੇ ਅੰਦਰੋਂ ਬੁਰਾਈਆਂ ਦਾ ਖਾਤਮਾ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾ ਸਕੇ। ਉਨ੍ਹਾਂ ਇਸ ਮੌਕੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਲੰਗਰ ਹਾਲ ਵਿੱਚ ਪੰਗਤ ਚ ਬੈਠ ਕੇ ਲੰਗਰ ਛੱਕਿਆ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਉਨ੍ਹਾਂ ਨੂੰ ਸਨਮਾਨ ਵਜੋਂ ਧਾਰਮਿਕ ਕਿਤਾਬਾਂ ਭੇਂਟ ਕੀਤੀਆਂ ਗਈਆਂ।  ਇਸ ਮੌਕੇ ਪੱਤਰਕਾਰਾਂ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੀਆਂ ਸੜਕਾਂ ਦੀ ਮਾੜੀ ਹਾਲਤ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ ਤਾਂ ਜੋ ਸੰਗਤ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਬੰਧਕੀ ਬਲਾਕ ਵਿੱਚ ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਗੀਤਿਕਾ ਸਿੰਘ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਅਰਵਿੰਦ ਕੁਮਾਰ, ਐਸ.ਡੀ.ਐਮ. ਖਮਾਣੋਂ ਮਨਰੀਤ ਰਾਣਾ, ਡੀ.ਐਸ.ਪੀ. ਸ੍ਰੀ ਫ਼ਤਹਿਗੜ੍ਹ ਸਾਹਿਬ ਸੁਖਨਾਜ ਸਿੰਘ, ਡੀ.ਐਸ.ਪੀ. ਕਰਨੈਲ ਸਿੰਘ, ਤਹਿਸੀਲਦਾਰ ਸ੍ਰੀ ਫ਼ਤਹਿਗੜ ਸਾਹਿਬ ਵਿਸ਼ਾਲ ਵਰਮਾ, ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।