ਜਲਾਲਾਬਾਦ, 07 ਜੁਲਾਈ 2024 : ਜਲਾਲਾਬਾਦ ਦੇ ਰਾਜਪੂਤ ਮੁਹੱਲੇ 'ਚ ਇੱਕ ਵਿਅਕਤੀ ਵੱਲੋਂ ਆਪਣੀ ਦੂਸਰੀ ਪਤਨੀ ਦਾ ਕੈਂਚੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਉਕਤ ਵਿਅਕਤੀ ਆਪਣੀ ਪਹਿਲੀ ਪਤਨੀ ਦੇ ਕਤਲ ਮਾਮਲੇ 'ਚ 10 ਸਾਲ ਦੀ ਜੇਲ੍ਹ ਕੱਟ ਕੇ 6 ਮਹੀਨੇ ਪਹਿਲਾਂ ਹੀ ਬਾਹਰ ਆਇਆ ਸੀ। ਉਕਤ ਔਰਤ ਨੇ ਜੇਲ੍ਹ 'ਚੋਂ ਆਏ ਇਕ ਵਿਅਕਤੀ ਨਾਲ ਕੋਰਟ ਮੈਰਿਜ ਕੀਤੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪ੍ਰਕਾਸ਼ ਕੌਰ (50) ਦੇ ਭਤੀਜੇ ਸ਼ੰਟੀ ਨੇ ਦੱਸਿਆ ਕਿ ਉਸ ਦੀ ਤਾਈ ਪ੍ਰਕਾਸ਼ ਕੌਰ ਜਿਸ ਦੇ ਪਤੀ ਦੀ ਮੌਤ ਹੋ ਗਈ ਸੀ, ਦਾ ਵਿਆਹ ਰਮਨ ਸ਼ਰਮਾ ਨਾਂ ਦੇ ਵਿਅਕਤੀ ਨਾਲ ਹੋਇਆ ਸੀ, ਜੋ ਕਰੀਬ 6 ਮਹੀਨੇ ਪਹਿਲਾਂ ਆਪਣੀ ਪਹਿਲੀ ਪਤਨੀ ਦੇ ਕਤਲ ਦੇ ਦੋਸ਼ ਵਿੱਚ 10 ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਵਾਪਸ ਆਇਆ ਸੀ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਔਰਤ ਨੂੰ ਬੇਟੇ ਦਾ ਘਰ ਛੱਡ ਕੇ ਆਪਣੇ ਨਾਲ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਪਰ ਔਰਤ ਆਪਣੇ ਬੇਟੇ ਅਤੇ ਨੂੰਹ ਦੇ ਨਾਲ ਰਹਿੰਦੀ ਸੀ, ਜੋ ਘਰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ। ਇਸ ਨੂੰ ਲੈ ਕੇ ਦੋਵਾਂ ਵਿੱਚ ਵਿਵਾਦ ਕਾਰਨ ਉਕਤ ਵਿਅਕਤੀ ਨੇ ਚਿਤਾਵਨੀ ਦਿੱਤੀ ਕਿ ਇਸ ਵਾਰ ਉਸ ਦੇ ਘਰ ਦੇ ਨੇੜੇ ਲੱਗਣ ਵਾਲਾ ਮੇਲਾ ਉਸ ਨੂੰ ਨਸੀਬ ਨਹੀਂ ਹੋਵੇਗਾ। ਇਸ ਚਿਤਾਵਨੀ ਨੂੰ ਲੈ ਕੇ ਉਸ ਨੇ ਅੱਜ ਔਰਤ ਦੇ ਘਰ ਆ ਕੇ ਕੈਂਚ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਮੌਕੇ ’ਤੇ ਪਹੁੰਚ ਗਈ ਹੈ, ਉਨ੍ਹਾਂ ਦੱਸਿਆ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਫਿਲਹਾਲ ਪੁਲਿਸ ਫਰਾਰ ਮੁਲਜ਼ਮ ਦੀ ਭਾਲ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।