
ਫਰੀਦਕੋਟ 24 ਦਸੰਬਰ 2024 : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤੇ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਪਿੰਡ ਘੁਗਿਆਣਾ ਵਿਖੇ ਦੀ ਘੁਗਿਆਣਾ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਵਿੱਚ ਬਾਗਬਾਨੀ ਵਿਭਾਗ ਅਤੇ ਜਿਲ੍ਹਾ ਉਦਯੋਗ ਕੇਂਦਰ ਵੱਲੋਂ ਸਾਂਝੇ ਤੌਰ ਤੇ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਬਾਗਬਾਨੀ ਵਿਭਾਗ ਵੱਲੋਂ ਬਾਗਬਾਨੀ ਨਾਲ ਸਬੰਧਤ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਬਾਗਬਾਨੀ ਮਿਸ਼ਨ ਤਹਿਤ ਨਵਾਂ ਬਾਗ ਲਗਾਉਣ ਲਈ 19000 ਰੁਪਏ ਤੋਂ 20000 ਰੁਪਏ ਪ੍ਰਤੀ ਹੈਕਟੇਅਰ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20000 ਰੁਪਏ ਪ੍ਰਤੀ ਹੈਕਟੇਅਰ,ਸ਼ੇਡ ਨੈੱਟ ਹਾਊਸ ਲਗਾਉਣ ਲਈ 1420000 ਰੁਪਏ ਪ੍ਰਤੀ ਏਕੜ, ਸ਼ਹਿਦ ਦੀਆ ਮੱਖੀਆ ਪਾਲਣ ਲਈ 50 ਬਕਸਿਆਂ ਲਈ 80000 ਰੁਪਏ, ਹਾਈਬ੍ਰਿਡ ਸਬਜ਼ੀਆ ਉਗਾਉਣ ਲਈ 20000 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਦਿੱਤੀ ਜਾ ਰਹੀ ਹੈ । ਇਸ ਤੋਂ ਇਲਾਵਾ ਫਲ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਲਈ ਪੈਕ ਹਾਊਸ ਬਣਾਉਣ ਤੇ 200000 ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ। ਮਸ਼ੀਨੀਕਰਨ ਅਧੀਨ ਸਪਰੇਅ ਪੰਪ, ਟਰੈਕਟਰ ਮਾਊਟਿੰਡ ਸਪਰੇਅ ਪੰਪ, ਪਾਵਰ ਟਿੱਲਰ ਅਤੇ ਮਿੰਨੀ ਟਰੈਕਟਰ ਆਦਿ ਲੈਣ ਤੇ ਵੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਪੰਜਾਬ ਸਰਕਾਰ ਵਲੋਂ ਕੌਮੀ ਬਾਗਬਾਨੀ ਮਿਸ਼ਨ ਅਧੀਨ ਉਪਲਬਧ ਸਬਸਿਡੀ ਤੋਂ ਇਲਾਵਾ ਕਿਸਾਨਾਂ ਨੂੰ ਬਾਗਬਾਨੀ ਨਾਲ ਜੋੜਨ ਲਈ ਫੁੱਲਾਂ ਦੇ ਬੀਜ ਪੈਦਾ ਕਰਨ ਤੇ 14000 ਰੁਪਏ ਪ੍ਰਤੀ ਏਕੜ, ਡਰਿਪ ਸਿਸਟਮ ਅਧੀਨ ਬਾਗ ਲਗਾਉਣ ਤੇ 10000 ਰੁਪਏ ਪ੍ਰਤੀ ਏਕੜ ਅਤੇ 21 ਕਿੱਲੋ ਸਮਰਥਾ ਵਾਲੇ ਪਲਾਸਟਿਕ ਕਰੇਟਾਂ ਉਪੱਰ 50 ਰੁਪਏ ਪ੍ਰਤੀ ਕਰੇਟ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਦੇ ਨੁਮਾਇੰਦਿਆਂ ਵਲੋਂ ਵੀ ਆਪਣੇ ਮਹਿਕਮੇ ਸਬੰਧੀ ਚੱਲ ਰਹੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਫੂਡ ਪ੍ਰੋਸੈਸਿੰਗ ਦਾ ਕੰਮ ਕਰਨਾ ਚਾਹੁੰਦੇ ਹਨ ਤਾਂ ਉਹ ਵਿਅਕਤੀਗਤ ਜਾਂ ਐਸੋਸੀਏਸ਼ਨ ਦੇ ਤੌਰ ਤੇ ਮਹਿਕਮੇ ਦੀਆਂ ਵੱਖ-ਵੱਖ ਸਕੀਮਾਂ ਦੇ ਲਾਭ ਲੈ ਸਕਦੇ ਹਨ। ਇਸ ਮੌਕੇ ਤੇ ਸ੍ਰੀ ਕੁਲਦੀਪ ਸਿੰਘ, ਬਾਗਬਾਨੀ ਵਿਕਾਸ ਅਫਸਰ ਅਤੇ ਸ਼ੁਭਮਪ੍ਰਤੀਕ ਸਿੰਘ, ਬਲਾਕ ਪ੍ਰਸਾਰ ਅਫਸਰ ਵੀ ਹਾਜ਼ਰ ਸਨ ।