ਦਾਖਾ : ਜੀ.ਟੀ.ਬੀ. ਨੈਸ਼ਨਲ ਕਾਲਜ ਅਤੇ ਜੀ.ਟੀ.ਬੀ. ਆਈ.ਐਮ.ਟੀ. ਦਾਖਾ ਵੱਲੋਂ ਆਪਣੇ ਕੈਂਪਸ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਸਹਿਯੋਗ ਨਾਲ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ । ਰੋਜ਼ਗਾਰ ਮੇਲੇ ਮੌਕੇ ਵੱਖ-ਵੱਖ 22 ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਐਸ.ਬੀ.ਆਈ. ਜੀਵਨ ਬੀਮਾ, ਭਾਰਤੀ ਏਅਰਟੈੱਲ ਲਿਮਟਿਡ, ਡੀਸੈਂਟ ਸਰਵਿਸਿਜ਼, ਕੁਏਸ ਕਾਰਪੋਰੇਸ਼ਨ, ਐਲ.ਆਈ.ਸ.ੀ ਆਫ ਇੰਡੀਆ, ਬਾਈਜੂਜ਼, ਐਨ.ਆਈ.ਆਈ.ਟੀ. ਲਿਮਟਿਡ, ਐਕਸਿਸ ਬੈਂਕ, ਟੇਕੀ ਵੈੱਬ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਸਟਾਰ ਹੈਲਥ ਇੰਸ਼ੋਰੈਂਸ ਕੰਪਨੀ ਲਿਮਿਟਡ, ਅਤੇ ਲਰਨਿੰਗ ਸੈਸ਼ਨਜ਼ ਸ਼ਾਮਲ ਸਨ ਜਿਨ੍ਹਾਂ ਉਮੀਦਵਾਰਾਂ ਦੀ ਭਰਤੀ ਕਰਨ ਲਈ ਕੈਂਪਸ ਦਾ ਦੌਰਾ ਕੀਤਾ। ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀ ਵੀ ਇਨ੍ਹਾਂ ਇੰਟਰਵਿਊ ਲਈ ਹਾਜ਼ਰ ਹੋਏ। ਇੰਟਰਵਿਊ ਵਿੱਚ 152 ਵਿਦਿਆਰਥੀ ਹਾਜ਼ਰ ਹੋਏ ਜਿਨ੍ਹਾਂ ਵਿੱਚੋਂ 107 ਨੂੰ ਅਗਲੇਰੀ ਜਾਂਚ ਲਈ ਚੁਣਿਆ ਗਿਆ। 17 ਵਿਦਿਆਰਥੀਆਂ ਨੂੰ ਮੌਕੇ 'ਤੇ ਹੀ ਆਫਰ ਲੈਟਰ ਦਿੱਤੇ ਗਏ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਅਰਬਿੰਦੋ ਕਾਲਜ ਆਫ ਕਾਮਰਸ ਐਂਡ ਮੈਨੇਜਮੈਂਟ ਲੁਧਿਆਣਾ ਦੇ ਪ੍ਰਿੰਸੀਪਲ ਡਾ. ਵਿਸ਼ਾਲ ਕੁਮਾਰ ਵੱਲੋਂ ਕੀਤੀ ਗਈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਕੁਮਾਰ ਨੇ ਰੋਜ਼ਗਾਰ ਪ੍ਰਦਾਨ ਕਰਨ ਵਾਲਿਆਂ ਨੂੰ ਵਿਦਿਆਰਥੀਆਂ ਦੇ ਬੂਹੇ ਤੱਕ ਪਹੁੰਚਾਉਣ ਲਈ ਅਜਿਹਾ ਨਵਾਂ ਕਦਮ ਚੁੱਕਣ ਲਈ ਕਾਲਜ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ ਵਧਾਈ ਦਿੱਤੀ। ਡੀ.ਬੀ.ਈ.ਈ. ਦੇ ਡਿਪਟੀ ਸੀ.ਈ.ਓ. ਸ਼੍ਰੀ ਨਵਦੀਪ ਸਿੰਘ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਵੱਖ-ਵੱਖ ਉੱਘੀਆਂ ਕੰਪਨੀਆਂ ਨਾਲ ਰਾਬਤਾ ਕਰਦਿਆਂ ਰੋਜ਼ਗਾਰ ਮੇਲੇ ਨੂੰ ਸਫਲ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਵੀ ਨਿਭਾਈ। ਉਨ੍ਹਾਂ ਅਜਿਹੇ ਮੇਲਿਆਂ ਦੀ ਮਹੱਤਤਾ ਨੂੰ ਸਮਝਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਕੰਪਨੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜੋ ਉਨ੍ਹਾਂ ਦੀ ਚੋਣ ਕਰਦੇ ਹਨ। ਇਸ ਮੌਕੇ ਸ੍ਰੀ ਪ੍ਰਿੰਸ ਭਾਰਦਵਾਜ ਬਲਾਕ ਮੈਨੇਜਰ ਪੀ.ਐਸ.ਡੀ.ਐਮ. ਵਲੋਂ ਸ਼ਮੂਲੀਅਤ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਅਵਤਾਰ ਸਿੰਘ ਨੇ ਸਾਰੇ ਡੈਲੀਗੇਟਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਅਤੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਦੀ ਭਾਗੀਦਾਰੀ ਲਈ ਭਰਵਾਂ ਸੁਆਗਤ ਤੇ ਧੰਨਵਾਦ ਕੀਤਾ। ਜੀ.ਟੀ.ਬੀ.ਆਈ.ਐਮ.ਟੀ. ਦੇ ਡਾਇਰੈਕਟਰ ਡਾ.ਜੇ.ਐਸ.ਰਾਣਾ, ਸ੍ਰੀਮਤੀ ਜੂਲੀ ਅਰੋੜਾ, ਆਹਲੂਵਾਲੀ ਅਤੇ ਸ੍ਰੀ ਹੁਕਮ ਸਿੰਘ ਨੈਸ਼ਨਲ ਕਰੀਅਰ ਸਰਵਿਸ ਸੈਂਟਰ (ਦਿਵਿਆਂਗਾ ਲਈ) ਵੀ ਸਮਾਗਮ ਮੌਕੇ ਸ਼ਾਮਲ ਹੋਏ। ਆਨੰਦ ਸਰੂਪ ਸਿੰਘ ਮੋਹੀ ਦੀ ਅਗਵਾਈ ਹੇਠ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਇਸ ਉੱਦਮ ਲਈ ਪ੍ਰਿੰਸੀਪਲ ਅਤੇ ਸਟਾਫ਼ ਨੂੰ ਵਧਾਈ ਦਿੱਤੀ।