ਲੁਧਿਆਣਾ, 16 ਜੁਲਾਈ 2024 : ਪਲੀਤ ਹੁੰਦੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਕਿਉਂਕਿ ਇਹ ਸਮੇਂ ਦੀ ਵੱਡੀ ਲੋੜ ਬਣਦੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਐਸ.ਪੀ. ਵਿਜੀਲੈਂਸ ਈ.ਓ.ਡਬਲਿਊ ਰੁਪਿੰਦਰ ਸਿੰਘ ਵੱਲੋਂ ਸਥਾਨਕ ਦਫ਼ਤਰ ਵਿਖੇ ਪੌਦੇ ਲਗਾਉਣ ਦੀ ਰਸਮ ਅਦਾ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਰਾਜਨ ਸ਼ਰਮਾ, ਡੀ.ਐਸ.ਪੀ. ਜੋਗਿੰਦਰ ਪਾਲ, ਡੀ.ਐਸ.ਪੀ. ਇੰਦਰਪਾਲ ਸਿੰਘ, ਏ.ਐਸ.ਆਈ. ਜਗਰੂਪ ਸਿੰਘ ਰੀਡਰ, ਏ.ਐਸ.ਆਈ. ਲਖਮੋਹਣ ਸਿੰਘ ਰੀਡਰ, ਏ.ਐਸ.ਆਈ. ਚਰਨਜੀਤ ਸਿੰਘ, ਏ.ਐਸ.ਆਈ. ਤਜਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। ਐਸ.ਐਸ.ਪੀ. ਰੁਪਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਕੁਦਰਤ ਨਾਲ ਮਿਲਵਰਤਨ ਕਰਕੇ ਚੱਲਣਾ ਚਾਹੀਦਾ ਹੈ ਅਤੇ ਕਦੇ ਵੀ ਕੁਦਰਤ ਦਾ ਨੁਕਸਾਨ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ। ਸ਼ੁੱਧ ਵਾਤਾਵਰਨ ਹੀ ਮਨੁੱਖਾਂ ਅਤੇ ਜੀਵ ਜੰਤੂਆਂ ਦੇ ਲੰਮੇ ਅਤੇ ਨਿਰੋਗ ਜੀਵਨ ਦਾ ਆਧਾਰ ਬਣਦਾ ਹੈ। ਉਨ੍ਹਾਂ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੌਦੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਨੂੰ ਸੰਭਾਲਣ ਲਈ ਵੀ ਯਤਨ ਕਰਨ।