ਬਰਨਾਲਾ, 09 ਜਨਵਰੀ : ਮਾਣਯੋਗ ਆਬਕਾਰੀ ਕਮਿਸ਼ਨਰ, ਪੰਜਾਬ ਵੱਲੋਂ ਸ਼ੁਰੂ ਕੀਤੇ ਰੈਡ ਰੋਜ਼ ਆਪਰੇਸ਼ਨ ਤਹਿਤ ਸਹਾਇਕ ਕਮਿਸ਼ਨਰ ਆਬਕਾਰੀ, ਸੰਗਰੂਰ ਰੇਂਜ, ਸੰਗਰੂਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸ੍ਰੀ ਰੁਪਿੰਦਰਜੀਤ ਸਿੰਘ ਆਬਕਾਰੀ ਅਫ਼ਸਰ, ਜ਼ਿਲ੍ਹਾ ਬਰਨਾਲਾ ਦੀ ਅਗਵਾਈ ਹੇਠ ਇੰਸਪੈਕਟਰ ਸ੍ਰੀ ਰਜਨੀਸ਼ ਕੁਮਾਰ, ਇੰਸਪੈਕਟਰ ਸ੍ਰੀ ਰਾਜੇਸ਼ ਕੁਮਾਰ ਇੰਸਪੈਕਟਰ ਸ੍ਰੀਮਤੀ ਨੀਲਮ ਚੋਪੜਾ ਅਤੇ ਜ਼ਿਲ੍ਹੇ ਦੇ ਸਮੂਹ ਆਬਕਾਰੀ ਨਿਰੀਖਕ ਸਮੇਤ ਪੁਲਿਸ ਟੀਮ ਵੱਲੋਂ ਪਿੰਡ ਫਰਵਾਹੀ ਅਤੇ ਬੰਘੇਰ ਪੱਤੀ, ਧਨੌਲਾ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਵਿਰੁੱਧ ਫਲੈਗ ਮਾਰਚ ਕੀਤਾ ਗਿਆ ਅਤੇ ਕਈ ਘਰਾਂ ਵਿੱਚ ਸਰਚ ਵੀ ਕੀਤੀ ਗਈ। ਇਸ ਸਬੰਧੀ ਸ੍ਰੀ ਰੁਪਿੰਦਰਜੀਤ ਸਿੰਘ ਆਬਕਾਰੀ ਅਫ਼ਸਰ, ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਇਸ ਦੌਰਾਨ ਪਿੰਡ ਦੇ ਲੋਕਾਂ ਨੂੰ ਨਜਾਇਜ਼ ਸ਼ਰਾਬ ਅਤੇ ਕੱਚੀ ਸ਼ਰਾਬ ਦੇ ਨੁਕਸਾਨਾਂ ਸਬੰਧੀ ਜਾਗਰੂਕ ਕੀਤਾ ਗਿਆ। ਵਿਭਾਗ ਵੱਲੋਂ ਪਿੰਡਾਂ ਵਿੱਚ ਫਲੈਗ ਮਾਰਚ ਦੌਰਾਨ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਕਿ ਨਜਾਇਜ਼ ਸ਼ਰਾਬ, ਰਾਜ ਵਿੱਚ ਨਾ ਵਿਕਣਯੋਗ ਸ਼ਰਾਬ ਅਤੇ ਕੱਚੀ ਸ਼ਰਾਬ ਆਦਿ ਦੀ ਸੂਚਨਾ ਮੁਹੱਈਆ ਕਰਵਾਉਣ ਵਾਲੇ ਮੁਖਬਰਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ।