
ਸ੍ਰੀ ਫਤਿਹਗੜ੍ਹ ਸਾਹਿਬ, 29 ਦਸੰਬਰ 2024 (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲਾ ਸਿਹਤ ਵਿਭਾਗ ਵੱਲੋਂ ਸ਼ਹੀਦੀ ਸਭਾ ਤੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ 24 ਘੰਟੇ ਨਿਰਵਿਘਨ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਭਾ ਦੇ ਖੇਤਰ ਵਿੱਚ ਸਿਹਤ ਵਿਭਾਗ ਵੱਲੋਂ ਪਹਿਲਾਂ 07 ਆਰਜੀ ਡਿਸਪੈਂਸਰੀਆਂ ਸਥਾਪਿਤ ਕੀਤੀਆਂ ਸਨ ,ਪਰ ਸੰਗਤਾਂ ਦੀ ਬਹੁਤਾਤ ਨੂੰ ਦੇਖਦੇ ਹੋਏ ਮੌਕੇ ਤੇ ਇੱਕ ਹੋਰ ਆਰਜੀ ਡਿਸਪੈਂਸਰੀ ਦਾ ਵਾਧਾ ਕਰਨਾ ਪਿਆ, ਇਸ ਤਰਾਂ ਸਥਾਪਿਤ ਕੀਤੀਆਂ 08 ਆਰਜੀ ਡਿਸਪੈਸਰੀਆਂ ਅਤੇ ਸਮੇਤ ਐਂਬੂਲੈਂਸਾਂ ਵਿੱਚ ਸ਼ਹੀਦੀ ਸਭਾ ਦੌਰਾਨ 20577 ਮਰੀਜਾਂ ਦੀ ਓਪੀਡੀ ਹੋਈ ਜਦਕਿ ਜਿਲਾ ਹਸਪਤਾਲ ਵਿੱਚ 359 ਤੋਂ ਵੱਧ ਮਰੀਜ਼ਾਂ ਦੀ ਓਪੀਡੀ ਕੀਤੀ ਗਈ ਅਤੇ ਸਭਾ ਦੇ ਖੇਤਰ ਵਿੱਚੋਂ ਰੈਫਰ ਹੋਕੇ ਐਮਬੂਲੈਂਸਾਂ ਦੁਆਰਾ ਜਿਲਾ ਹਸਪਤਾਲ ਵਿਚ 247 ਮਰੀਜਾਂ ਤੋਂ ਵੱਧ ਦਾਖਲ ਕੀਤੇ ਗਏ ਜਦਕਿ 29 ਤੋਂ ਵੱਧ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ। ਸਹਾਇਕ ਸ਼ਹੀਦੀ ਸਭਾ ਅਫਸਰ ਕਮ ਸੀਨੀਅਰ ਮੈਡੀਕਲ ਅਫਸਰ ਡਾ ਕੰਵਲਦੀਪ ਸਿੰਘ ਨੇ ਦੱਸਿਆ ਕਿ ਜਿਆਦਾਤਰ ਮਰੀਜ਼ ਬੀਪੀ ਤੇ ਸੂਗਰ ਵਧਣ, ਬੇਹੋਸ਼ੀ, ਘਬਰਾਹਟ,ਪੇਟ ਦੀਆਂ ਤਕਲੀਫਾਂ ਅਤੇ ਸਰੀਰ ਦਰਦ ਨਾਲ ਸੰਬੰਧਿਤ ਪਾਏ ਗਏ। ਉਹਨਾਂ ਕਿਹਾ ਕਿ ਇਹਨਾਂ ਸਾਰੇ ਮਰੀਜ਼ਾਂ ਨੂੰ ਲੋੜੀਂਦੀਆਂ ਸਾਰੀਆਂ ਦਵਾਈਆਂ ਤੁਰੰਤ ਮੁਫ਼ਤ ਦਿੱਤੀਆਂ ਗਈਆਂ। ਜਿਲਾ ਟੀਕਾਕਰਨ ਅਫਸਰ ਕਮ ਮੁੱਖ ਸ਼ਹੀਦੀ ਸਭਾ ਅਫਸਰ ਡਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਗਈ ਅਤੇ ਨਾ ਹੀ ਕਿਸੇ ਥਾਂ ਤੇ ਮੈਨ ਪਾਵਰ ਦੀ ਘਾਟ ਪਾਈ ਗਈ। ਉਹਨਾਂ ਦੱਸਿਆ ਕਿ ਉੱਚ ਅਧਿਕਾਰੀਆਂ ਤੇ ਸਹਿਯੋਗੀ ਸਟਾਫ ਵੱਲੋਂ ਸੇਵਾਵਾਂ ਦੀ ਲਗਾਤਾਰ ਸੁਪਰਵੀਜ਼ਨ ਕੀਤੀ ਗਈ ਅਤੇ ਲੋੜੀਦੀਆਂ ਦਵਾਈਆਂ ਵੀ ਸਪੈਸ਼ਲ ਵਹੀਕਲਾਂ ਦੁਆਰਾ ਤੁਰੰਤ ਪਹੁੰਚਾਈਆਂ ਗਈਆਂ। ਉਹਨਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਸਿਹਤ ਸਹੂਲਤਾਂ, ਸਿਹਤ ਸਕੀਮਾਂ ਅਤੇ ਬਿਮਾਰੀਆਂ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦਾ ਸੰਗਤਾਂ ਨੇ ਭਰਪੂਰ ਫਾਇਦਾ ਉਠਾਇਆ। ਉਹਨਾਂ ਸਭਾ ਦੌਰਾਨ ਡਿਊਟੀਆਂ ਨਿਭਾਉਣ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ।