ਜਿਲ੍ਹਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਹੋਈ ਮੀਟੰਗ

  • ਕੇਸਾਂ ਦੀ ਤਫਤੀਸ਼ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਨੀ ਯਕੀਨੀ ਬਣਾਈ ਜਾਵੇ-ਓਜਸਵੀ

ਫਰੀਦਕੋਟ 17 ਦਸੰਬਰ 2024 : ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਤੇ ਅਤਿਆਚਾਰ ਰੋਕਥਾਮ ਐਕਟ,1989 ਤਹਿਤ ਗਠਿਤ ਜਿਲ੍ਹਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਓਜਸਵੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ. ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹੇ ਵਿੱਚ ਕੁੱਲ 12 ਕੇਸ ਦਰਜ ਹਨ। ਇਨ੍ਹਾਂ ਕੇਸਾਂ ਵਿੱਚੋ ਕੁੱਲ 05 ਕੇਸ ਅਦਾਲਤ ਵਿੱਚ ਚੱਲ ਰਹੇ ਹਨ ਅਤੇ 02 ਕੇਸਾਂ ਦੀ ਤਫਤੀਸ ਕੀਤੀ ਜਾ ਰਹੀ ਹੈ। ਅਦਾਲਤ ਵੱਲੋ 01 ਕੇਸ ਵਿੱਚ ਬਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 03 ਕੇਸਾਂ ਵਿੱਚ ਕੁਐਸਿੰਗ ਪਾਈ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਓਜਸਵੀ ਨੇ ਹਾਜ਼ਰ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਕੇਸਾਂ ਵਿੱਚ ਐਸ.ਸੀ/ਐਸ.ਟੀ ਐਕਟ, ਦੇ ਸਬ-ਸੈਕਸ਼ਨ ਕਲੀਅਰ ਨਹੀਂ ਹਨ, ਉਨ੍ਹਾਂ ਦੀ ਰਿਪੋਰਟ 02 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਫਰੀਦਕੋਟ ਨੂੰ ਭੇਜ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਐਸ.ਸੀ/ਐਸ.ਟੀ ਐਕਟ,1989 ਅਨੁਸਾਰ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਕੇਸਾਂ ਦੀ ਤਫਤੀਸ਼ ਮੁਕੰਮਲ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜਦੋ ਵੀ ਐਸ.ਸੀ/ਐਸ.ਟੀ ਐਕਟ ਅਧੀਨ ਕੋਈ ਕੇਸ ਦਰਜ ਹੁੰਦਾ ਹੈ ਤਾਂ ਉਸਦੀ ਸੂਚਨਾ ਜ਼ਿਲ੍ਹਾ ਮੈਜਿਸਟ੍ਰੇਟ, ਫਰੀਦਕੋਟ ਅਤੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਫਰੀਦਕੋਟ ਨੂੰ ਭੇਜੀ ਜਾਣੀ ਜਰੂਰੀ ਹੈ। ਮੀਟਿੰਗ ਦੌਰਾਨ ਪੀੜ੍ਹਤਾਂ ਨੂੰ ਦਿੱਤੇ ਗਏ ਅਤੇ ਦਿੱਤੇ ਜਾਣ ਵਾਲੇ ਮੁਆਵਜ਼ੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਦਫਤਰ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਫਰੀਦਕੋਟ ਦੇ ਅਧਿਕਾਰੀਆਂ ਨੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਓਜਸਵੀ ਦੇ ਧਿਆਨ ਵਿੱਚ ਲਿਆਂਦਾ ਕਿ ਜ਼ਿਲ੍ਹੇ ਵਿੱਚ ਦਰਜ ਵੱਖ-ਵੱਖ ਕੇਸਾਂ ਵਿੱਚ ਐਸ.ਸੀ/ਐਸ.ਟੀ ਐਕਟ,1989 ਦੇ ਸਬ-ਸੈਕਸ਼ਨ ਕਲੀਅਰ ਨਾ ਹੋਣ ਕਾਰਣ ਪੀੜ੍ਹਤ ਪਰਿਵਾਰਾਂ ਨੂੰ ਢੁਕਵੇਂ ਸਮੇਂ ਵਿੱਚ ਮੁਆਵਜਾ ਦਿੱਤਾ ਜਾਣਾ ਸੰਭਵ ਨਹੀਂ ਹੁੰਦਾ ਹੈ। ਇਸ ਮੌਕੇ ਡਿਪਟੀ ਜ਼ਿਲ੍ਹਾ ਅਟਾਰਨੀ ਸ੍ਰੀਮਤੀ ਅਦਿਤੀ ਗੁਪਤਾ, ਸ੍ਰੀ ਬੇਅੰਤ ਸਿੰਘ ਸਿੱਧੂ ਪ੍ਰਧਾਨ ਗਿਆਨ ਜਯੋਤੀ ਚੈਰੀਟੇਬਲ ਟਰੱਸਟ ਕੋਟਕਪੂਰਾ, ਸ੍ਰੀ ਗੁਰਮੀਤ ਸਿੰਘ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਸ੍ਰੀ ਜਸਵਿੰਦਰ ਸਿੰਘ ਗੈਰ-ਸਰਕਾਰੀ ਮੈਂਬਰ, ਸ੍ਰੀ ਕਮਲਜੀਤ ਸਿੰਘ (ਐਮ.ਸੀ) ਗੈਰ-ਸਰਕਾਰੀ ਮੈਂਬਰ ਸਮੇਤ ਸਰਕਾਰੀ ਅਤੇ ਗੈਰ-ਸਰਕਾਰੀ ਮੈਂਬਰ ਹਾਜ਼ਰ ਸਨ।