
ਫਰੀਦਕੋਟ 24 ਦਸੰਬਰ 2024 : ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਸਿਵਲ ਪਸ਼ੂ ਹਸਪਤਾਲ ਘੁਗਿਆਣਾ ਵਿਖੇ ਅਸਕੈਡ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਿਪਟੀ ਡਾਇਰੈਕਟਰ ਫ਼ਰੀਦਕੋਟ ਡਾ. ਰਾਜਦੀਪ ਸਿੰਘ ਨੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਪਸ਼ੂ-ਪਾਲਕਾਂ ਨੂੰ ਜਾਣਕਾਰੀ ਦਿੱਤੀ, ਨਾਲ ਹੀ ਮੂੰਹ ਖੁਰ, ਗਲ ਘੋਟੂ ਅਤੇ ਪੀ.ਪੀ. ਆਰ. ਵੈਕਸੀਨ ਲਗਵਾਉਣ ਲਈ ਪਸ਼ੂ-ਪਾਲਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਪਸ਼ੂ-ਪਾਲਕਾਂ ਨੂੰ ਦੱਸਿਆ ਕਿ ਉਹ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਬੈਂਕਾਂ ਨਾਲ ਸੰਪਰਕ ਕਰਕੇ ਇੱਕ ਲੱਖ ਸੱਠ ਹਜ਼ਾਰ ਤੱਕ ਦਾ ਲੋਨ ਪਸ਼ੂ ਪਾਲਣ ਧੰਦੇ ਸਬੰਧੀ ਲੈ ਸਕਦੇ ਹਨ। ਇਸ ਮੌਕੇ ਡਾ. ਜਸਵਿੰਦਰ ਗਰਗ ਨੇ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਬਰੂਸੀਲੋਸਿਸ ਅਤੇ ਹਲਕਾਅ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਬਰੂਸੀਲੋਸਿਸ ਬਿਮਾਰੀ ਤੋਂ ਪਸ਼ੂਆਂ ਨੂੰ ਰਹਿਤ ਕਰਨ ਲਈ ਮੁਫ਼ਤ ਵੈਕਸੀਨੇਸ਼ਨ ਅਤੇ ਟੈਸਟਿੰਗ ਹਸਪਤਾਲਾਂ ਵਿੱਚ ਉਪਲੱਬਧ ਹੈ । ਕੈਂਪ ਵਿੱਚ ਡਾ. ਸੁਰਜੀਤ ਮੱਲ ਨੇ ਪਸ਼ੂਆਂ ਦੀ ਖੁਰਾਕ ਬਾਰੇ ਅਤੇ ਖੁਰਾਕੀ ਤੱਤਾਂ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਅਤੇ ਦੁੱਧ ਉਤਪਾਦਨ ਵਧਾਉਣ ਸਬੰਧੀ ਪਸ਼ੂ-ਪਾਲਕਾਂ ਨੂੰ ਜਾਣਕਾਰੀ ਦਿੱਤੀ। ਡਾ. ਗੁਰਵਿੰਦਰ ਸਿੰਘ ਨੇ ਮੱਝਾਂ ਅਤੇ ਗਾਂਵਾਂ ਦੇ ਬਾਂਝਪਨ ਅਤੇ ਨਸਲ ਸੁਧਾਰ, ਕੱਟੜੂਆਂ ਦੀ ਸਾਂਭ-ਸੰਭਾਲ ਬਾਰੇ ਪਸ਼ੂ-ਪਾਲਕਾਂ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਇਸ ਕੈਂਪ ਵਿੱਚ ਪਿੰਡ ਘੁਗਿਆਣਾ, ਝੋਟੀ ਵਾਲਾ ਅਤੇ ਸਿਮਰੇ ਵਾਲਾ ਦੇ ਲਗਭਗ 140 ਤੋਂ ਵੱਧ ਪਸ਼ੂ-ਪਾਲਕਾਂ ਨੇ ਭਾਗ ਲਿਆ। ਇਨ੍ਹਾਂ ਪਸ਼ੂ-ਪਾਲਕਾਂ ਦੀਆਂ 330 ਮੱਝਾ-ਗਾਂਵਾਂ ਅਤੇ 200 ਭੇਡਾਂ-ਬੱਕਰੀਆਂ ਲਈ ਮੁਫ਼ਤ ਦਵਾਈ ਵੰਡੀ ਗਈ। ਇਸ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ ਸਟਾਲ ਲਾਏ ਗਏ ਅਤੇ ਪਸ਼ੂ ਪਾਲਕਾਂ ਨੂੰ ਮੁਫ਼ਤ ਵਿੱਚ ਸੈਂਪਲ ਵੰਡੇ ਗਏ। ਕੈਂਪ ਦੇ ਅੰਤ ਵਿੱਚ ਪਸ਼ੂ ਹਸਪਤਾਲ ਘੁਗਿਆਣਾ ਦੇ ਇੰਚਾਰਜ ਅਤੇ ਮੰਚ ਸੰਚਾਲਕ ਡਾ. ਹਰਿੰਦਰ ਸਿੰਘ ਭੁੱਲਰ ਨੇ ਕੈਂਪ ਵਿੱਚ ਭਾਗ ਲੈਣ ਲਈ ਸਾਰੇ ਅਫਸਰ ਸਾਹਿਬਾਨ, ਪਸ਼ੂ-ਪਾਲਕਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਬਲਜਿੰਦਰ ਸਿੰਘ, ਸੁਖਬੀਰ ਸਿੰਘ, ਕਮਲਜੀਤ ਸਿੰਘ, ਦੀਪਇੰਦਰ ਸਿੰਘ, ਜਗਤਾਰ ਸਿੰਘ, ਰੋਬਿਨ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।