- ਗ੍ਰੀਨ ਐਵੀਨਿਊ ਕਾਲੋਨੀ ਵਿਖੇ ਪੌਦੇ ਲਗਾ ਗਏ
- ਬਰਨਾਲਾ ਪ੍ਰੈਸ ਕਲੱਬ ਵੱਲੋਂ ਕੀਤੀ ਗਈ ਸ਼ੁਰੂਆਤ, ਬੂਟੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਾਂਭ ਵੀ ਕੀਤੀ ਜਾਵੇਗੀ
ਬਰਨਾਲਾ, 17 ਜੁਲਾਈ 2024 ; ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਅਤੇ ਸ਼੍ਰੀ ਸੰਦੀਪ ਕੁਮਾਰ ਮਲਿਕ ਐੱਸ.ਐੱਸ.ਪੀ. ਬਰਨਾਲਾ ਨੇ ਗ੍ਰੀਨ ਐਵੀਨਿਊ ਕਾਲੋਨੀ ਵਿਖੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ। ਬਰਨਾਲਾ ਪ੍ਰੈਸ ਕਲੱਬ ਵੱਲੋਂ ਕਚਹਿਰੀ ਚੌਂਕ ਤੋਂ ਲੈ ਕੇ ਸ੍ਰੀ ਗੁਰੂ ਰਵਿਦਾਸ ਚੌਂਕ ਤੱਕ ਸੜਕ ਦੇ ਦੋਨੋ ਪਾਸੇ ਬੂਟੇ ਲਗਾਏ ਜਾਣਗੇ , ਬੂਟਿਆਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਟ੍ਰੀ ਗਾਰਡ ਲਗਾਏ ਜਾਣਗੇ ਅਤੇ ਨਾਲ ਹੀ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੱਤਰਕਾਰਾਂ ਅਤੇ ਗ੍ਰੀਨ ਐਵੀਨਿਊ ਕਾਲੋਨੀ ਵੱਲੋਂ ਇਹ ਬੜਾ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਆਮ ਲੋਕ ਜ਼ਿਲ੍ਹਾ ਬਰਨਾਲਾ 'ਚ ਦਰਖਤਾਂ ਦੀ ਗਿਣਤੀ ਵਧਾਉਣ 'ਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੁਹਿੰਮਾਂ ਕੇਵਲ ਬੂਟੇ ਲਗਾਉਣ ਤੱਕ ਹੀ ਸੀਮਿਤ ਹੁੰਦੀਆਂ ਹਨ ਪ੍ਰੰਤੂ ਇਨ੍ਹਾਂ ਬੂਟਿਆਂ ਦੀ ਦੇਖਭਾਲ ਅਤੇ ਪਾਣੀ ਦੇਣ ਦਾ ਕੰਮ ਵੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਮਿਸ਼ਨ ਹਰਿਆਵਲ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਗ ਥਾਵਾਂ 'ਤੇ ਪੌਦੇ ਲਗਾਏ ਜਾ ਰਹੇ ਹਨ ਜਿਸ ਵਿੱਚ ਹਰ ਜ਼ਿਲ੍ਹਾ ਵਾਸੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਨਾਲ ਹੀ ਐੱਸ.ਐੱਸ.ਪੀ. ਸ਼੍ਰੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਜਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਸਾਰਿਆਂ ਨੂੰ ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਆਲਮੀ ਤਪਸ਼ ਦੇ ਮੱਦੇਨਜ਼ਰ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਵਾਤਾਵਰਨ ਪ੍ਰੇਮੀ ਪ੍ਰਿੰਸੀਪਲ ਰਾਜਮਹਿੰਦਰ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਨਾਲ ਬਰਨਾਲਾ ਸ਼ਹਿਰ ਅੰਦਰ ਸੰਗਰੂਰ ਵਾਲੇ ਪਾਸੇ ਤੋਂ ਐਂਟਰੀ ਨੂੰ ਸ਼ਾਨਦਾਰ ਬਣਾਇਆ ਜਾ ਸਕੇ। ਉਹਨਾਂ ਦੱਸਿਆ ਕਿ ਹਰ ਪੌਦੇ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਲਈ ਗ੍ਰੀਨ ਐਵੀਨਿਊ ਦੇ ਮਾਲਕ ਬਾਬੂ ਲਖਪਤ ਰਾਏ ਵੱਲੋਂ ਬਣਾ ਕੇ ਦਿੱਤੇ ਟਰੀਗਾਰਡ ਵੀ ਲਗਾਏ ਜਾਣਗੇ। ਇਸ ਮੌਕੇ ਪੰਡਿਤ ਸ਼ਿਵ ਕੁਮਾਰ ਗੌੜ, ਵਣ ਰੇਂਜ ਅਫ਼ਸਰ ਅਜੀਤ ਸਿੰਘ, ਸ੍ਰੀ ਅਸ਼ੋਕ ਗਰਗ, ਸ੍ਰੀ ਸ਼ੁਭਮ ਗਰਗ, ਵੱਖ ਵੱਖ ਅਦਾਰਿਆਂ ਦੇ ਸੀਨੀਅਰ ਪੱਤਰਕਾਰ ਅਤੇ ਹੋਰ ਲੋਕ ਹਾਜ਼ਰ ਸਨ।