- ਹਸਪਤਾਲਾਂ ਵਿਚ ਲੱਗ ਰਹੇ ਹਨ ਸੀਸੀਟੀਵੀ ਕੈਮਰੇ, ਪੁਲਿਸ ਵੀ ਹੋ ਚੁੱਕੀ ਹੈ ਤਾਇਨਾਤ
ਫਾਜ਼ਿਲਕਾ, 13 ਸਤੰਬਰ 2024 : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਅੱਜ ਇੱਥੇ ਜ਼ਿਲ੍ਹੇ ਦੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੈਠਕ ਕੀਤੀ। ਇਸ ਮੌਕੇ ਸਿਵਲ ਸਰਜਨ ਡਾ ਐਰਿਕ ਵਿਸ਼ੇਸ ਤੌਰ ਤੇ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਡਾਕਟਰਾਂ ਦਾ ਸਮਾਜ ਵਿਚ ਉਚਾ ਰੁਤਬਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਤਰਜੀਹ ਹੈ। ਇਸ ਲਈ ਸਰਕਾਰੀ ਹਸਪਤਾਲਾਂ ਵਿਚ ਹੋਰ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਤੋਂ ਬਿਨ੍ਹਾਂ ਡਾਕਟਰਾਂ ਦੀ ਸੁਰੱਖਿਆ ਅਤੇ ਸੁਵਿਧਾ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਹੋਰ ਦੱਸਿਆ ਕਿ ਡਿਊਟੀ ਸਮੇਂ ਦੌਰਾਨ ਸਿਹਤ ਸੰਭਾਲ ਪੇਸ਼ੇਵਰਾਂ (ਡਾਕਟਰਾਂ) ਅਤੇ ਪੈਰਾਮੈਡਿਕਲ ਸਟਾਫ਼ ਦੇ ਹਿੱਤਾਂ ਦੀ ਰਾਖੀ ਲਈ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਰੋਕਥਾਮ ਦੇ ਉਪਾਅ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਸਿਹਤ ਬੋਰਡ ਦੇ ਗਠਨ ਕੀਤਾ ਜਾ ਚੁੱਕਾ ਹੈ। ਇਸ ਬੋਰਡ ਦੀ ਅਗਵਾਈ ਡਿਪਟੀ ਕਮਿਸ਼ਨਰ ਵੱਲੋਂ ਚੇਅਰਪਰਸਨ ਵਜੋਂ ਕੀਤੀ ਜਾਵੇਗੀ ਜਦੋਂ ਕਿ ਐਸਐਸਪੀ, ਸਿਵਲ ਸਰਜਨ, ਐਸਐਮਓ ਫਾਜ਼ਿਲਕਾ, ਪੈਰਾਮੈਡਿਕ ਸਟਾਫ ਦੇ ਪ੍ਰਤੀਨਿਧੀ, ਆਈ ਐਮ ਏ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਅਟਾਰਨੀ ਸ਼ਾਮਲ ਹਨ। ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਪੁਲਿਸ ਦੀ ਗਾਰਦ ਦੀ ਪੱਕੇ ਤੌਰ ਤੇ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਇਲਾਕੇ ਵਿਚ ਰਾਤ ਸਮੇਂ ਗਸਤ ਵੀ ਵਧਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਪਾਤ ਸਥਿਤੀ ਨਾਲ ਨਜਿੱਠਣ ਲਈ ਪੁਲਿਸ, ਸਿਵਲ ਅਤੇ ਸਿਹਤ ਵਿਭਾਗ ਦਾ ਸਾਂਝਾ ਵਟਸਅੱਪ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਸੂਚਨਾਵਾਂ ਦਾ ਤੇਜੀ ਨਾਲ ਆਦਾਨ ਪ੍ਰਦਾਨ ਹੋ ਸਕੇ। ਪੀਸੀਐਮਐਸ ਦੇ ਜਨਰਲ ਸਕੱਤਰ ਡਾ: ਅਰਪਿਤ ਗੁਪਤਾ ਨੇ ਡਾਕਟਰਾਂ ਦੀ ਗੱਲ ਵੀ ਮੀਟਿੰਗ ਵਿਚ ਰੱਖੀ। ਸਿਵਲ ਸਰਜਨ ਡਾ: ਐਰਿਕ ਨੇ ਜ਼ਿਲ੍ਹੇ ਵਿਚ ਡਾਕਟਰਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਇੰਤਜਾਮਾਂ ਤੇ ਸਤੁੰਸ਼ਟੀ ਪ੍ਰਗਟਾਈ।