ਬਰਨਾਲਾ, 03 ਅਪ੍ਰੈਲ : ਬਰਨਾਲਾ ਦੇ ਪਿੰਡ ਜਗਜੀਤਪੁਰਾ ਵਿਖੇ ਦੁਧਾਰੂ ਪਸ਼ੂਆਂ 'ਤੇ ਮੌਤ ਦਾ ਕਹਿਰ ਹੋ ਰਿਹਾ ਹੈ। ਹੁਣ ਤੱਕ 30 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਅਚਾਨਕ ਹੋ ਰਹੀਆਂ ਪਸ਼ੂਆਂ ਦੀਆਂ ਮੌਤਾਂ ਚਿੰਤਾ ਦਾ ਕਾਰਨ ਬਣ ਰਹੀਆਂ ਹਨ। ਪਸ਼ੂ ਪਾਲਭ ਵਿਭਾਗ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈਆਂ ਹਨ। ਦੁਧਾਰੂ ਪਸ਼ੂਆਂ ਦੇ ਪੀੜਿਤ ਮਾਲਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ 10 ਤਰੀਕ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਪਿੰਡ ਵਿੱਚ 11 ਕਿਸਾਨਾਂ ਦੇ ਘਰਾਂ ਵਿੱਚ ਦੁੱਧ ਲਈ ਰੱਖੇ ਗਏ 30 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ ਹੈ। ਪਰ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ ਕਿ ਕਿੰਨਾਂ ਕਾਰਨਾਂ ਕਰਕੇ ਦੁਧਾਰੂ ਪਸ਼ੂ ਦੀ ਮੌਤ ਹੋ ਰਹੀ ਹੈ। 30 ਦੇ ਕਰੀਬ ਦੁਧਾਰੂ ਪਸ਼ੂਆਂ ਦੇ ਕੀਮਤ ਲੱਖਾਂ ਰੁਪਏ ਦੀ ਸੀ, ਜਿਸ ਵਿੱਚ ਛੋਟੇ ਕਿਸਾਨ ਅਤੇ ਆਮ ਪਰਿਵਾਰਾਂ ਦੇ ਵੱਲੋਂ ਦੁਧਾਰੂ ਪਸ਼ੂਆਂ ਦਾ ਦੁੱਧ ਵੇਚ ਕੇ ਹੀ ਆਪਣੇ ਪਰਿਵਾਰ ਦਾ ਪਾਲਣ ਵਿਭਾਗ ਕੀਤਾ ਜਾ ਰਿਹਾ ਸੀ। ਪਰ ਅਚਾਨਕ ਪਸ਼ੂਆਂ ਦੀ ਮੌਤ ਹੋਣ ਕਾਰਨ ਉਨ੍ਹਾਂ ਨੂੰ ਜਿੱਥੇ ਲੱਖਾਂ ਦਾ ਘਾਟਾ ਹੋਇਆ ਹੈ, ਉੱਥੇ ਛੋਟੇ ਕਿਸਾਨ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਚੁੱਕੇ ਹਨ। ਪੀੜਤਾਂ ਨੇ ਇਹ ਵੀ ਦੱਸਿਆ ਕਿ ਸਰਕਾਰੀ ਡਾਕਟਰ ਅੱਜ ਹੀ ਪੁੱਜੇ ਹਨ। ਉਨ੍ਹਾਂ ਪਹਿਲਾਂ ਆਪਣੇ ਦੁਧਾਰੂ ਪਸ਼ੂਆਂ ਦਾ ਇਲਾਜ ਪ੍ਰਾਈਵੇਟ ਡਾਕਟਰਾਂ ਤੋਂ ਮਹਿੰਗੇ ਭਾਅ ਤੇ ਕਰਵਾਇਆ ਸੀ। ਪਰ ਫਿਰ ਵੀ ਉਹ ਆਪਣੇ ਦੁੱਧਾਰੂ ਪਸ਼ੂਆ ਨੂੰ ਬਚਾ ਨਾ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਤੋਂ ਮੰਗ ਕਰਦੇ ਕਿਹਾ ਕਿ ਉਨ੍ਹਾਂ ਦੇ ਮ੍ਰਿਤਕ ਦੁਧਾਰੂ ਪਸ਼ੂਆਂ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਹੋਰ ਪਸੂ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਮੰਗ ਕਰਦੇ ਕਿਹਾ ਕਿ ਭਿਆਨਕ ਬੀਮਾਰੀ ਕਾਰਨ ਉਨ੍ਹਾਂ ਦੇ ਲੱਖਾਂ ਰੁਪਏ ਦੇ ਦੁਧਾਰੂ ਪਸ਼ੂਆਂ ਦੀ ਮੌਤ ਹੋਈ ਹੈ। ਪਰ ਬਾਕੀ ਰਹਿੰਦੇ ਦੁਧਾਰੂ ਪਸ਼ੂਆਂ ਦੇ ਬਚਾਅ ਲਈ ਪਸ਼ੂ ਪਾਲਣ ਵਿਭਾਗ ਆਪਣੇ ਟੀਮਾਂ ਰਾਹੀਂ ਪਿੰਡਾਂ ਵਿੱਚ ਜਾ ਕੇ ਬੀਮਾਰ ਪਸ਼ੂਆਂ ਦਾ ਇਲਾਜ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦੁਧਾਰੂ ਪਸ਼ੂ ਦੀ ਮੌਤ ਨਾ ਹੋ ਸਕੇ। ਇਸ ਮਾਮਲੇ ਸੰਬੰਧੀ ਬਰਨਾਲਾ ਪਸ਼ੂ ਪਾਲਨ ਵਿਭਾਗ ਵੱਲੋਂ ਵੀ ਮੌਕੇ ਤੇ ਪਿੰਡ ਵਿੱਚ ਡਾਕਟਰਾਂ ਦੀਆਂ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ। ਟੀਮ ਦੀ ਅਗਵਾਹੀ ਕਰ ਰਹੀ ਵੈਟਨਰੀ ਅਫਸਰ ਤਪਾ ਡਾਕਟਰ ਅਵਨੀਤ ਕੌਰ ਨੇ ਪੀੜਿਤ ਲੋਕਾਂ ਨਾਲ ਗੱਲਬਾਤ ਕੀਤੀ। ਉੱਥੇ ਅਚਾਨਕ ਹੋ ਰਹੀ ਦੁਧਾਰੂ ਪਸ਼ੂਆਂ ਦੀ ਮੌਤ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਕਿਹਾ ਕਿ ਸਾਨੂੰ ਪਸ਼ੂ ਮੰਡੀਆਂ ਵਿੱਚੋਂ ਆਪਣੇ ਪਸ਼ੂਆਂ ਦਾ ਬਚਾ ਕਰਨਾ ਚਾਹੀਦਾ ਹੈ,ਤਾਂ ਜੋ ਇਹ ਬਿਮਾਰੀ ਅੱਗੇ ਹੋਰ ਪਸੂਆ ਨੂੰ ਨਾ ਲੱਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪਸੂ ਪਾਲਣ ਵਿਭਾਗ ਵੱਲੋਂ ਮ੍ਰਿਤਕ ਦੁਧਾਰੂ ਪਸ਼ੂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪਸੂਆ ਨੂੰ ਦਿੱਤੀ ਜਾ ਰਹੀ ਖੁਰਾਕ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਪਸੂਆਂ ਦੀ ਅਚਾਨਕ ਹੋ ਰਹੀ ਮੌਤ ਦੇ ਅਸਲ ਕਾਰਨ ਕੀ ਹਨ।