ਲੁਧਿਆਣਾ, 3 ਜੂਨ : ਲੋਕ ਸਭਾ ਚੋਣਾਂ-2024 ਲਈ ਕਾਊਂਟਿੰਗ ਸਟਾਫ਼ ਦੀ ਦੂਜੀ ਰੈਂਡਮਾਈਜ਼ੇਸ਼ਨ ਸੋਮਵਾਰ ਨੂੰ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੇ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ. ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਸੰਸਦੀ ਹਲਕਿਆਂ ਤੋਂ ਗਿਣਤੀ ਅਬਜ਼ਰਵਰ (ਜੋ ਕਿ ਵਰਚੂਅਲੀ ਮੀਟਿੰਗ ਵਿੱਚ ਸ਼ਾਮਲ ਹੋਏ), ਜਿਨ੍ਹਾਂ ਵਿੱਚ ਐਸ ਅਨੀਤਾ (ਲੁਧਿਆਣਾ ਦੱਖਣੀ, ਆਤਮ ਨਗਰ), ਸ਼ਰਾਫੁੱਦੀਨ ਈ (ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ ਅਤੇ ਜਗਰਾਉਂ), ਪੁਨੀਤ ਸ਼ਰਮਾ (ਗਿੱਲ), ਰਾਕੇਸ਼ ਸ਼ੰਕਰ (ਬੱਸੀ ਪਠਾਣਾ, ਫਤਿਹਗੜ੍ਹ ਸਾਹਿਬ, ਅਮਲੋਹ, ਅਤੇ ਅਮਰਗੜ੍ਹ), ਬਬੀਤਾ ਮੋਹੰਤੀ (ਖੰਨਾ ਅਤੇ ਰਾਏਕੋਟ), ਸੌਰਵ ਕੁਮਾਰ ਸਿਨਹਾ (ਸਮਰਾਲਾ, ਸਾਹਨੇਵਾਲ, ਅਤੇ ਪਾਇਲ) ਅਤੇ ਦਿਵਿਆ ਮਿੱਤਲ (ਲੁਧਿਆਣਾ ਪੂਰਬੀ, ਲੁਧਿਆਣਾ ਉੱਤਰੀ ਅਤੇ ਦਾਖਾ) ਰੈਂਡਮਾਈਜ਼ੇਸ਼ਨ ਦੌਰਾਨ ਮੌਜੂਦ ਸਨ। ਰੈਂਡਮਾਈਜ਼ੇਸ਼ਨ ਵਿੱਚ ਕੁੱਲ 813 ਕਾਊਂਟਿੰਗ ਸਟਾਫ ਸ਼ਾਮਲ ਸੀ, ਜਿਸ ਵਿੱਚ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਅਸਿਸਟੈਂਟ ਅਤੇ ਮਾਈਕਰੋ-ਅਬਜ਼ਰਵਰ ਸ਼ਾਮਲ ਸਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੁਧਿਆਣਾ ਅਤੇ ਫ਼ਤਹਿਗੜ੍ਹ ਸਾਹਿਬ ਸੰਸਦੀ ਹਲਕਿਆਂ ਲਈ ਗਿਣਤੀ ਅਮਲੇ ਦੀ ਰੈਂਡਮਾਈਜ਼ੇਸ਼ਨ ਐਨ.ਆਈ.ਸੀ. ਸਾਫ਼ਟਵੇਅਰ ਰਾਹੀਂ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਗਈ ਹੈ। ਭਲਕੇ 4 ਜੂਨ ਨੂੰ ਲੁਧਿਆਣਾ ਸੰਸਦੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਪੂਰਬੀ, ਲੁਧਿਆਣਾ ਉੱਤਰੀ ਅਤੇ ਦਾਖਾ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ ਅਤੇ ਜਗਰਾਉਂ ਵਿਧਾਨ ਸਭਾ ਹਲਕਿਆਂ) ਅਤੇ ਐਸ.ਆਰ.ਐਸ. ਪੋਲੀਟੈਕਨਿਕ ਕਾਲਜ ਵਿੱਚ (ਸਿਰਫ ਗਿੱਲ ਵਿਧਾਨ ਸਭਾ ਹਲਕਾ) ਹੋਵੇਗੀ ਜਦਕਿ ਫਤਹਿਗੜ੍ਹ ਸਾਹਿਬ ਸੰਸਦੀ ਹਲਕੇ ਅਧੀਨ ਪੈਂਦੇ ਪੰਜ ਵਿਧਾਨ ਸਭਾ ਹਲਕਿਆਂ (ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ ਅਤੇ ਰਾਏਕੋਟ) ਦੀ ਗਿਣਤੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਹੋਵੇਗੀ। ਇਨ੍ਹਾਂ ਕਾਊਂਟਿੰਗ ਸੁਪਰਵਾਈਜ਼ਰਾਂ/ਕਾਊਂਟਿੰਗ ਸਹਾਇਕਾਂ/ਮਾਈਕਰੋ ਆਬਜ਼ਰਵਰਾਂ ਨੂੰ ਕਾਊਂਟਿੰਗ ਹਾਲ ਵਿੱਚ ਟੇਬਲਾਂ ਦੀ ਅਲਾਟਮੈਂਟ ਲਈ ਅੰਤਿਮ ਰੈਂਡਮਾਈਜ਼ੇਸ਼ਨ ਗਿਣਤੀ ਤੋਂ ਪਹਿਲਾਂ ਭਲਕੇ ਮੰਗਲਵਾਰ ਨੂੰ ਕੀਤੀ ਜਾਵੇਗੀ।