- ਖੇਤੀਬਾੜੀ ਅਫ਼ਸਰ ਨੇ ਕਿਸਾਨ ਦੇ ਖੇਤ ਦਾ ਦੌਰਾ ਕਰਕੇ ਕਿਸਾਨ ਅਤੇ ਹੋਰ ਕਿਸਾਨ ਭਰਾਵਾਂ ਨੂੰ ਡੀ.ਏ.ਪੀ. ਖਾਦ ਦੀ ਜਗ੍ਹਾ ਉਸ ਦੇ ਬਦਲਵੇਂ ਸਰੋਤਾਂ (ਖਾਦਾ) ਦੀ ਵਰਤੋਂ ਕਰਨ ਲਈ ਕੀਤਾ ਪ੍ਰੇਰਿਤ
ਮਾਲੇਰਕੋਟਲਾ 11 ਨਵੰਬਰ 2024 : ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਖਾਨਪੁਰ ਦੇ ਅਗਾਂਹਵਧੂ ਕਿਸਾਨ ਚਤਰ ਸਿੰਘ ਨੇ ਝੋਨੇ ਦੀ ਪਰਾਲੀ ਖੇਤ 'ਚ ਹੀ ਮਿਲਾਕੇ ਸਫਲ ਖੇਤੀ ਕਰਕੇ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਪੈਦਾ ਕੀਤੀ ਹੈ।ਚਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 10 ਏਕੜ ਜ਼ਮੀਨ 'ਚ ਤਿੰਨੇ ਭਰਾਵਾਂ ਵੱਲੋ ਸਾਂਝੀ ਖੇਤੀ ਕੀਤੀ ਜਾਂਦੀ ਹੈ ਅਤੇ ਝੋਨੇ ਦੀ ਕਟਾਈ ਆਪਣੀ ਐਸ.ਐਮ.ਐਸ ਲੱਗੀ ਕੰਬਾਇਨ ਨਾਲ ਕਰਵਾਉਣ ਉਪਰੰਤ ਖਾਨਪੁਰਾ ਸੁਸਾਇਟੀ ਵੱਲੋਂ ਅਤੀ ਆਧੁਨਿਕ ਸੰਦਾ (ਜਿਵੇ ਕਿ ਆਰ.ਐਮ.ਬੀ. ਪਲਾਓ , ਰੋਟਾਵੇਟਰ ਨਾਲ ਵਹਾਈ ਅਤੇ ਸੁਪਰ ਸੀਡਰ ਨਾਲ ਬਿਜਾਈ) ਕਰਕੇ ਇਲਾਕੇ ਦੇ ਲੋਕਾਂ ਲਈ ਚਾਨਣ ਦੇ ਮੁਨਾਰੇ ਦਾ ਕੰਮ ਕਰ ਰਹੇ ਹਨ। ਚਤਰ ਸਿੰਘ ਨੇ ਦੱਸਿਆ ਕਿ ਉਸ ਦਾ ਇੱਕ ਹੱਥ 1976 ਵਿੱਚ ਕੱਟ ਜਾਣ ਤੇ ਬਾਵਜੂਦ ਉਹ ਇੱਕ ਹੱਥ ਨਾਲ ਸਾਂਝੀ ਖੇਤੀ ਕਰਦੇ ਆ ਰਹੇ ਹਨ । ਉਨ੍ਹਾਂ ਕੋਲ 10 ਦੁਧਾਰੂ ਪਸ਼ੂ, ਦੋ ਐਸ.ਐਮ.ਐਸ ਲਗਇਆਂ ਕੰਬਾਇਨਾਂ ਹਨ ,ਜਿਨ੍ਹਾਂ ਦੀ ਸਹਾਇਤਾ ਨਾਲ ਉਹ ਅਤੇ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ ਤੇ ਆਤਮ ਨਿਰਭਰ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਪਿਛਲੇ ਕਈ ਸਾਲਾਂ ਦੇ ਖੇਤੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਰਾਲੀ ਖੇਤ 'ਚ ਹੀ ਵਾਹੁਣਾ ਜਮੀਨ ਲਈ ਦੇਸੀ ਘਿਉ ਵਰਗਾ ਕੰਮ ਕਰਦਾ ਹੈ, ਇਸ ਨਾਲ ਜਿਥੇ ਉਪਜਾਊ ਸ਼ਕਤੀ ਵਧੀ ਹੈ, ਉਥੇ ਹੀ ਖਾਦਾਂ ਦੀ ਵਰਤੋਂ 'ਚ ਕਮੀ ਆਈ ਹੈ, ਕਣਕ ਦੀ ਫ਼ਸਲ ਗਿਰਦੀ ਨਹੀਂ ਅਤੇ ਜ਼ਮੀਨ ਦੀ ਪਾਣੀ ਜ਼ਜਬ ਕਰਨ ਦੀ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਉਹ ਖਾਨਪੁਰ ਸੁਸਾਇਟੀ ਤੋਂ ਆਧੁਨਿਕ ਸੰਦ ਕਿਰਾਏ ਤੇ ਲੈ ਕੇ ਝੋਨੇ ਦੀ ਕਟਾਈ ਤੋਂ ਲੈ ਕੇ ਕਣਕ ਦੀ ਬਿਜਾਈ ਤੱਕ ਕਰਨਗੇ। ਅਗਾਂਹਵਧੂ ਕਿਸਾਨ ਚਤਰ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਉਹ ਪਰਾਲੀ ਨੂੰ ਖੇਤਾਂ 'ਚ ਹੀ ਵਾਹੁਣ ਨੂੰ ਤਰਜੀਹ ਦੇਣ ਜਿਸ ਨਾਲ ਜਿਥੇ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਨਾਲ ਹੀ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਦਾ ਹੈ। ਉਨ੍ਹਾਂ ਕਿਸਾਨ ਭਰਾਵਾਂ ਨੂੰ ਹੋਰ ਕਿਹਾ ਕਿ ਉਹ ਰਸਾਇਣਕ ਦਵਾਈਆਂ ਦੀ ਵਰਤੋ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਕਰਨ । ਅਜਿਹਾ ਕਰਨ ਨਾਲ ਜਿਥੇ ਬੇਲੋੜੇ ਖੇਤੀ ਖਰਚੇ ਘੱਟਣਗੇ ਉਥੇ ਹੀ ਕੁਦਰਤੀ ਸਰੋਤਾ ਤੇ ਮਾੜਾ ਪ੍ਰਭਾਵ ਨਹੀਂ ਪਵੇਗਾ। ਖੇਤੀਬਾੜੀ ਅਫ਼ਸਰ ਡਾ ਕੁਲਵੀਰ ਸਿੰਘ ਨੇ ਕਿਸਾਨ ਦੇ ਖੇਤ ਦਾ ਦੌਰਾ ਕਰਕੇ ਕਿਸਾਨ ਅਤੇ ਹੋਰ ਕਿਸਾਨ ਭਰਾਵਾਂ ਨੂੰ ਡੀ.ਏ.ਪੀ. ਖਾਦ ਦੀ ਜਗ੍ਹਾ ਉਸ ਦੇ ਬਦਲਵੇਂ ਸਰੋਤਾਂ (ਖਾਦਾ) ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਤਰ ਸਿੰਘ ਵਰਗੇ ਕਿਸਾਨਾਂ ਤੋਂ ਸਲਾਹ ਲੈ ਕੇ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਚੋਖਾ ਫਾਇਦਾ ਲੈ ਕੇ ਇਲਾਕੇ ਦੇ ਕਿਸਾਨਾਂ ਦਾ ਮਾਰਗ ਦਰਸ਼ਨ ਕਰ ਰਹੇ ਹਨ ।