ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪਰਮਿੰਦਰ ਸਿੰਘ ਗੋਲਡੀ ਵੱਲੋਂ ਪੰਜਾਬ ਰਾਜ ਅੰਤਰਵਰਸਿਟੀ ਯੁਵਕ ਮੇਲੇ ਦਾ ਪੋਸਟਰ ਰੀਲੀਜ ਕੀਤਾ

  • ਯੁਵਕ ਮੇਲਾ 29 ਨਵੰਬਰ ਤੋਂ 2 ਦਸੰਬਰ ਤੱਕ ਪੀ.ਏ.ਯੂ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ :- ਚੇਅਰਮੈਨ ਪਰਮਿੰਦਰ ਸਿੰਘ ਗੋਲਡੀ

ਲੁਧਿਆਣਾ, 22 ਨਵੰਬਰ 2024 : ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਗੋਲਡੀ ਵੱਲੋਂ ਵੀਰਵਾਰ ਨੂੰ ਬੋਰਡ ਦੇ ਦਫਤਰ ਵਿਖੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲਾ-2024 ਦਾ ਪੋਸਟਰ ਰੀਲੀਜ ਕੀਤਾ ਗਿਆ। ਇਹ ਯੁਵਕ ਮੇਲਾ 29 ਨਵੰਬਰ ਤੋਂ 2 ਦਸੰਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਰਾਜ ਦੀ ਸਿਰਮੋਰ ਯੂਨੀਵਰਿਸਟੀਆਂ ਦੀਆ ਟੀਮਾਂ ਵੱਲੋਂ 51 ਵੱਖ-ਵੱਖ ਕਲਚਰਲ ਅਤੇ ਵਿਰਾਸਤੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਗੋਲਡੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨੌਜਵਾਨਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਅਤੇ ਨਿਖਾਰਨ ਦਾ ਇੱਕ ਵੱਡਾ ਮੰਚ ਵਿਭਾਗ ਵੱਲੋਂ ਇਸ ਮੇਲੇ ਰਾਹੀਂ ਦਿੱਤਾ ਜਾ ਰਿਹਾ ਹੈ। ਇਸ ਯੁਵਕ ਮੇਲੇ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਨੈਸ਼ਨਲ ਪੱਧਰ ਤੇ ਰਾਜ ਦੀ ਨੁਮਾਇੰਦਗੀ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ ਜਾਂਦਾ ਹੈ। ਇਸ 4 ਰੋਜਾਂ ਯੁਵਕ ਮੇਲੇ ਦੌਰਾਨ ਗਿੱਧਾ, ਭੰਗੜਾ ਕਵੀਸ਼ਰੀ, ਵਾਰ-ਗਾਇਨ, ਕਲੀ, ਗਜ਼ਲ, ਨਾਟਕ (ਥੀਏਟਰ), ਵਿਰਾਸਤੀ ਕਲਾਵਾਂ ਅਤੇ ਹੋਰ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ। ਜਿਨ੍ਹਾਂ ਵਿੱਚ 2000 ਤੋਂ ਵੱਧ ਨੌਜਵਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਯੁਵਕ ਮੇਲੇ ਦੌਰਾਨ ਰੋਜਾਨਾ ਰਾਤ ਨੂੰ ਕਲਚਰਲ ਨਾਈਟ ਪ੍ਰੋਗਰਾਮ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ। ਯੁਵਕ ਸੇਵਾਵਾਂ ਵਿਭਾਗ ਵੱਲੋਂ ਇਹ ਚਾਰ ਰੋਜਾ ਯੁਵਕ ਮੇਲਾ ਸ੍ਰੀ ਸਰਵਜੀਤ ਸਿੰਘ ਵਿਸ਼ੇਸ਼ ਮੁੱਖ ਸਕੱਤਰ, ਅਤੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਦੀ ਦੇਖ ਰੇਖ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ ਦੇ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿੱਚ ਇਸ ਯੁਵਕ ਮੇਲੇ ਨੂੰ ਲੈ ਕੇ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ। ਯੁਵਕ ਮੇਲਾ 2024 ਦਾ ਪੋਸਟਰ ਰੀਲੀਜ ਕਰਨ ਮੌਕੇ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਗੋਲਡੀ ਤੋਂ ਇਲਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਕੁਲਵਿੰਦਰ ਸਿੰਘ, ਸਹਾਇਕ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਅਤੇ ਡਾਇਰੈਕਟਰ ਯੂਥ ਵੈਲਫੇਅਰ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ) ਸ੍ਰੀ ਨਿਰਮਲ ਜੌੜਾ ਵੀ ਹਾਜ਼ਰ ਸਨ।