ਜਿਲ੍ਹੇ ਚ ਬਾਲ ਭਿੱਖਿਆ / ਰੈਗ ਪਿਕਿੰਗ ਖਿਲਾਫ ਚੈਕਿੰਗ ਦੀ ਮੁਹਿੰਮ ਜਾਰੀ

ਫਰੀਦਕੋਟ 22 ਨਵੰਬਰ 2024 : ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਬੱਚਿਆਂ ਦੇ ਭੀਖ ਮੰਗਣ ਦੀ ਵੱਧ ਰਹੀ ਤਾਦਾਤ ਨੂੰ ਰੋਕਣ ਲਈ ਪ੍ਰੋਜੈਕਟ ਜੀਵਨਜੋਤ- ਸੇਵ ਦੀ ਮੁਹਿੰਮ ਦੀ ਸੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਦੇ ਤਹਿਤ ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਅਮਨਦੀਪ ਸਿੰਘ ਸੋਢੀ ਪ੍ਰੋਟੈਕਸ਼ਨ ਅਫਸਰ.ਐਨ.ਆਈ.ਸੀ ਸ਼੍ਰੀ ਸੁਮਨਦੀਪ ਸਿੰਘ ਵੱਲੋਂ  ਡੀ.ਐੱਸ.ਪੀ ਰਾਜਨ ਪਾਲ ਦੇ ਸਹਿਯੋਗ ਨਾਲ ਫਰੀਦਕੋਟ ਵਿਖੇ ਨੇੜੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ, ਬੱਸ ਸਟੈਡ ਅਤੇ ਸ਼ਹਿਰ ਵਿੱਚ ਵੱਖ -ਵੱਖ ਥਾਵਾਂ ਤੇ ਬੱਚਿਆਂ ਦੇ ਭੀਖ ਮੰਗਣ/ਰੈਗ ਪਿਕਿੰਗ ਦੀ ਵੱਧ ਰਹੀ ਤਾਦਾਤ ਨੂੰ ਰੋਕਣ ਲਈ  ਚੈਕਿੰਗ ਕੀਤੀ ਗਈ। ਚੈਕਿੰਗ ਦੇ ਦੌਰਾਨ 01 ਬੱਚੇ ਨੂੰ ਰੈਸਕਿਊ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਦੇ ਸਨਮੁੱਖ ਪੇਸ਼ ਕੀਤਾ ਗਿਆ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਤੇ ਪ੍ਰੋਟੈਕਸ਼ਨ ਅਫਸਰ.ਐਨ.ਆਈ.ਸੀ ਵੱਲੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਕਿ ਭੀਖ ਮੰਗਣਾ ਅਤੇ ਬੱਚਿਆਂ ਤੋਂ ਭਿੱਖਿਆ ਕਰਵਾਉਣਾ ਕਾਨੂੰਨੀ ਜੁਰਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਪੜ੍ਹ-ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਸਕਣ ਅਤੇ ਭਵਿੱਖ ਨੂੰ ਸਵਾਰਿਆ ਜਾ ਸਕੇ। ਡੀ.ਐੱਸ.ਪੀ (CAW & C) ਰਾਜਨ ਪਾਲ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਬਾਲ ਭਿੱਖਿਆ /ਰੈਗ ਪਿਕਿੰਗ ਕਰਵਾਉਂਣ ਵਾਲੇ ਵਿਅਕਤੀ ਖਿਲਾਫ ਜੁਵੇਨਾਇਲ ਜਸਟਿਸ ਐਕਟ ਦੇ ਸੈਕਸ਼ਨ 76 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਕਿਸੇ ਨੂੰ ਕਿਤੇ ਵੀ ਬਾਲ ਭਿੱਖਿਆ/ ਰੈਗ ਪਿਕਿੰਗ ਕਰਦਾ ਕੋਈ ਬੱਚਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਟੋਲ ਫਰੀ ਨੰਬਰ 1098 ਤੇ ਫੋਨ ਕਰਕੇ ਉਸ ਦੀ ਸੂਚਨਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਨੰਬਰ ਗੁਪਤ ਰੱਖਿਆ ਜਾਵੇਗਾ।