- ‘ਖੇਡਾਂ ਵਤਨ ਪੰਜਾਬ ਦੀਆਂ 2024’ (ਸੀਜ਼ਨ-3)
ਸ੍ਰੀ ਮੁਕਤਸਰ ਸਾਹਿਬ, 29 ਅਗਸਤ 2024 : ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਇਸੇ ਮੰਤਵ ਤਹਿਤ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ -3 ਦਾ ਆਗਾਜ਼ ਹੋ ਰਿਹਾ ਹੈ। ਇਸੇ ਲੜੀ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਬਲਾਕਾਂ ਵਿੱਚ 02 ਸਤੰਬਰ ਤੋਂ 11 ਸਤੰਬਰ ਤੱਕ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਦਿੱਤੀ। ਉਹਨਾਂ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲੇ ਵੱਖ-ਵੱਖ ਥਾਵਾਂ ਕਰਵਾਏ ਜਾ ਰਹੇ ਹਨ। ਇਹਨਾਂ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਸਕੂਲ, ਕਲੱਬ, ਐਸੋਸੀਏਸ਼ਨ, ਅਕੈਡਮੀਆਂ ਦੀਆਂ ਟੀਮਾਂ ਅਤੇ ਕੋਈ ਵੀ ਚਾਹਵਾਨ ਖਿਡਾਰੀ ਭਾਗ ਲੈ ਸਕਦਾ ਹੈ। ਬਲਾਕ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਦੀ ਰਜਿਸਟਰੇਸ਼ਨ www.eservices.punjab.gov.in ’ਤੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਆਫਲਾਈਨ ਰਜਿਸਟਰ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਤੋਂ ਐਂਟਰੀ ਫਾਰਮ ਪ੍ਰਾਪਤ ਕਰਕੇ ਕੀਤੀ ਜਾ ਸਕਦੀ ਹੈ। ਉਕਤ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਸਨੀਕ ਹੋਣੇ ਚਾਹੀਦੇ ਹਨ ਅਤੇ ਬਲਾਕ ਪੱਧਰ ਦੇ ਟੂਰਨਾਮੈਂਟ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਭਾਗ ਲੈ ਸਕਣਗੇ। ਉਹਨਾਂ ਦੱਸਿਆ ਕਿ ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ), ਅਥਲੈਟਿਕਸ, ਫੁੱਟਬਾਲ, ਕਬੱਡੀ (ਸਰਕਲ), ਕਬੱਡੀ (ਨੈਸ਼ਨਲ) ਅਤੇ ਖੋ-ਖੋ ਦੇ ਖੇਡ ਮੁਕਾਬਲੇ ਇਹਨਾਂ ਬਲਾਕ ਪੱਧਰੀ ਖੇਡਾਂ ਦੌਰਾਨ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਬਲਾਕ ਗਿੱਦੜਬਾਹਾ ਦੇ ਖੇਡ ਸਟੇਡੀਅਮ ਪਿੰਡ ਕੋਟਭਾਈ ਵਿਖੇ 02 ਸਤੰਬਰ ਨੂੰ ਉਮਰ ਵਰਗ ਅੰ 14, 17 ਅਤੇ 21 ਅਤੇ 03 ਸਤੰਬਰ ਨੂੰ ਉਮਰ ਵਰਗ 21 ਤੋਂ 30, 31 ਤੋਂ 40, 41 ਤੋਂ 50, 51 ਤੋਂ 60, 61 ਤੋਂ 70 ਅਤੇ 70 ਸਾਲ ਤੋਂ ਉੱਪਰ ਦੇ ਖਿਡਾਰੀ ਭਾਗ ਲੈ ਸਕਣਗੇ। ਇਸੇ ਤਰਾਂ ਬਲਾਕ ਲੰਬੀ ਦੀਆਂ ਖੇਡਾਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਿੰਡ ਬਾਦਲ ਵਿਖੇ ਹੋਣਗੀਆਂ ਜੋ ਕਿ 4 ਸਤੰਬਰ ਨੂੰ ਅੰ- 14, 17 ਅਤੇ 21 ਉਮਰ ਵਰਗ ਲਈ ਹੋਣਗੀਆਂ ਅਤੇ 5 ਸਤੰਬਰ ਨੂੰ ਉਮਰ ਵਰਗ 21 ਤੋਂ 30, 31 ਤੋਂ 40, 41 ਤੋਂ 50, 51 ਤੋਂ 60, 61 ਤੋਂ 70 ਅਤੇ 70 ਸਾਲ ਤੋਂ ਉੱਪਰ ਦੀ ਖਿਡਾਰੀ ਭਾਗ ਲੈਣਗੇ। ਬਲਾਕ ਮਲੋਟ ਦੀਆਂ ਖੇਡਾਂ ਨਿਊਟਨ ਵਰਲਡ ਸਕੂਲ ਮਲੋਟ ਵਿਖੇ ਹੋਣਗੀਆਂ ਜੋ ਕਿ 6 ਸਤੰਬਰ ਅਤੇ 7 ਸਤੰਬਰ ਨੂੰ ਅੰ- 14, 17 ਅਤੇ 21 ਉਮਰ ਵਰਗ ਲਈ ਹੋਣਗੀਆਂ ਅਤੇ 8 ਸਤੰਬਰ ਨੂੰ ਉਮਰ ਵਰਗ 21 ਤੋਂ 30, 31 ਤੋਂ 40, 41 ਤੋਂ 50, 51 ਤੋਂ 60, 61 ਤੋਂ 70 ਅਤੇ 70 ਸਾਲ ਤੋਂ ਉੱਪਰ ਉਮਰ ਦੇ ਖਿਡਾਰੀ ਭਾਗ ਲੈਣਗੇ। ਇਸੇ ਤਰਾਂ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੀਆਂ ਖੇਡਾਂ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣਗੀਆਂ ਜੋ ਕਿ 9 ਅਤੇ 10 ਸਤੰਬਰ ਨੂੰ ਅੰ- 14, 17 ਅਤੇ 21 ਸਾਲ ਦੀ ਉਮਰ ਵਰਗ ਲਈ ਹੋਣਗੀਆਂ ਅਤੇ 11 ਸਤੰਬਰ ਨੂੰ 21 ਤੋਂ 30, 31 ਤੋਂ 40, 41 ਤੋਂ 50, 51 ਤੋਂ 60,61 ਤੋਂ 70 ਅਤੇ 70 ਸਾਲ ਤੋਂ ਉੱਪਰ ਉਮਰ ਵਰਗ ਲਈ ਹੋ ਰਹੀਆਂ ਹਨ। ਇਸ ਮੌਕੇ ਉਨ੍ਹਾਂ ਸਮੂਹ ਜ਼ਿਲ੍ਹਾ ਖਿਡਾਰੀਆਂ ਅਤੇ ਵਸਨੀਕਾਂ ਨੂੰ ਅਪੀਲ ਕਿ ਵੱਧ ਤੋਂ ਵੱਧ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਇਨ੍ਹਾਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਭਾਗ ਲੈਣ ਅਤੇ ਤੰਦਰੁਸਤ ਬਣਨ ਦੇ ਨਾਲ-ਨਾਲ ਖੇਡਾਂ ਵਿੱਚ ਆਪਣਾ ਨਾਮ ਕਮਾਉਣ ਤੇ ਆਪਣੇ ਪਰਿਵਾਰ ਤੇ ਸੂਬੇ ਦਾ ਨਾਮ ਰੋਸ਼ਣ ਕਰਨ।