- ਜ਼ਿਲ੍ਹਾ ਲੁਧਿਆਣਾ, ਅਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਫਿਰੋਜਪੁਰ, ਪਟਿਆਲਾ, ਸੰਗਰੂਰ, ਰੋਪੜ, ਮਾਨਸਾ ਦੇ ਅਧਿਸੂਚਿਤ ਪਾਣੀਆਂ 'ਚ ਮੱਛੀ ਫੜਨ ਦੇ ਅਧਿਕਾਰਾਂ ਦੀ ਹੋਵੇਗੀ ਨਿਲਾਮੀ
ਲੁਧਿਆਣਾ, 14 ਜੂਨ 2024 : ਸਹਾਇਕ ਡਾਇਰੈਕਟਰ, ਮੱਛੀ ਪਾਲਣ, ਲੁਧਿਆਣਾ ਚਰਨਜੀਤ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅਧਿਸੂਚਿਤ ਪਾਣੀਆਂ (Notified Waters) ਵਿੱਚ ਮੱਛੀ ਫੜਨ ਦੇ ਅਧਿਕਾਰਾਂ ਦੀ ਨਿਲਾਮੀ 19 ਜੂਨ, 2024 ਨੂੰ ਸਰਕਾਰੀ ਮੱਛੀ ਪੂੰਗ ਫਾਰਮ, ਮੋਹੀ ਵਿਖੇ ਕਰਵਾਈ ਜਾ ਰਹੀ ਹੈ ਜਿਸਦਾ ਸਮੇਂ ਸਵੇਰੇ 11 ਵਜੇ ਹੋਵੇਗਾ। ਸਹਾਇਕ ਡਾਇਰੈਕਟਰ, ਚਰਨਜੀਤ ਸਿੰਘ ਵੱਲੋਂ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਸਾਲ 2024-25 ਲਈ ਜ਼ਿਲ੍ਹਾ ਲੁਧਿਆਣਾ, ਅਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਫਿਰੋਜਪੁਰ, ਪਟਿਆਲਾ, ਸੰਗਰੂਰ, ਰੋਪੜ, ਮਾਨਸਾ ਜਦਕਿ ਸਾਲ 2024-29 ਲਈ ਮਿਰਜ਼ਾਪੁਰ ਅਤੇ ਸਿਸਵਾਂ ਡੈਮ, ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੇ ਅਧਿਸੂਚਿਤ ਪਾਣੀਆਂ ਵਿੱਚ ਮੱਛੀ ਫੜਨ ਦੇ ਅਧਿਕਾਰਾਂ ਦੀ ਨਿਲਾਮੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਸਾਲ ਪੰਜਾਬ ਵਿੱਚੋਂ ਵਗਦੇ ਦਰਿਆਵਾਂ ਵਿੱਚੋਂ ਮੱਛੀ ਫੜਨ ਦਾ ਠੇਕਾ ਇੱਕ ਸਾਲ ਲਈ ਅਤੇ ਡੈਮਾਂ ਵਿੱਚੋਂ ਮੱਛੀ ਫੜਨ ਦਾ ਠੇਕਾ ਪੰਜ ਸਾਲ ਲਈ ਦਿੱਤਾ ਜਾਂਦਾ ਹੈ। ਇਹ ਠੇਕੇ ਖੁੱਲੀ ਬੋਲੀ ਰਾਹੀਂ ਨਿਲਾਮ ਕੀਤੇ ਜਾਂਦੇ ਹਨ। ਬੋਲੀ ਦੀਆਂ ਸ਼ਰਤਾਂ ਸਬੰਧੀ ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ 10 ਹਜ਼ਾਰ ਰੁਪਏ ਸਿਕਿਊਰਿਟੀ ਅਤੇ ਆਪਣਾ ਸ਼ਨਾਖਤੀ ਕਾਰਡ ਜਿਵੇਂ ਕਿ ਆਧਾਰ ਕਾਰਡ, ਵੋਟਰ ਕਾਰਡ, ਡਰਾਇਵਿੰਗ ਲਾਇਸੰਸ ਆਦਿ ਦੀ ਫੋਟੋ ਕਾਪੀ ਮੌਕੇ 'ਤੇ ਜਮ੍ਹਾਂ ਕਰਵਾ ਕੇ ਬੋਲੀ ਵਿੱਚ ਭਾਗ ਲੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਫਰਮ ਦੇ ਨਾਮ 'ਤੇ ਠੇਕਾ ਲੈਣ ਦਾ ਚਾਹਵਾਨ ਹੈ ਤਾਂ ਰਜਿਸਟਰਡ ਫਰਮ ਦਾ ਸਬੂਤ ਦੇਣਾ ਲਾਜ਼ਮੀ ਹੋਵੇਗਾ। ਸਫਲ ਬੋਲੀਕਾਰ ਪਾਸੋਂ ਇੰਡੀਅਨ ਸਟੈਂਪ ਐਕਟ 1899 ਦੀ ਧਾਰਾ (3) ਦੇ ਅਨੁਸਾਰ 8 ਫੀਸਦ ਦਰ ਨਾਲ ਸਟੈਂਪ ਡਿਊਟੀ ਅਤੇ 1 ਫੀਸਦ ਰਜਿਸਟਰੇਸ਼ਨ ਫੀਸ ਵਸੂਲ ਕੀਤੀ ਜਾਵੇਗੀ। ਇਹ ਰਾਸ਼ੀ ਨਿਲਾਮੀ ਪ੍ਰਕਿਰਿਆ ਮੁਕੰਮਲ ਹੋਣ 'ਤੇ ਮੌਕੇ 'ਤੇ ਹੀ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ। ਵਧੇਰੇ ਜਾਣਕਾਰੀ ਲਈ, ਦਫ਼ਤਰ ਸਹਾਇਕ ਡਾਇਰੈਕਟਰ, ਮੱਛੀ ਪਾਲਣ, ਲੁਧਿਆਣਾ, ਸਰਕਾਰੀ ਮੱਛੀ ਪੂੰਗ ਫਾਰਮ, ਮੋਹੀ (88476-00703) ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।