ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕਾਤਲ਼ਾਂ ਦੀ ਗ੍ਰਿਫਤਾਰੀ ਲਈ 23 ਮਾਰਚ ਤੋਂ ਸ਼ੁਰੂ ਕੀਤਾ ਸੰਘਰਸ਼ ਅੱਜ 215ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਦਰਮਿਆਨ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਕੇਕੇਯੂ ਯੂਥ ਵਿੰਗ ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌੰਦਾ) ਦੇ ਜੱਗਾ ਸਿੰਘ ਢਿਲੋਂ, ਕੁੰਢਾ ਸਿੰਘ ਕਾਉਂਕੇ ਤੇ ਰਾਮਤੀਰਥ ਸਿੰਘ ਲੀਲ੍ਹਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਨਿਆਂ ਦੀ ਪੂਰਤੀ ਤੱਕ ਜਨਤਕ ਜੱਥੇਬੰਦੀਆਂ ਵਲੋਂ ਸਥਾਨਕ ਥਾਣੇ ਮੂਹਰੇ ਚੱਲ ਰਿਹਾ ਪੱਕਾ ਧਰਨਾ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਿਆਂ ਦੀ ਪੂਰਤੀ ਲਈ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਦੀ ਅਗਵਾਈ 'ਚ ਇੱਕ ਸਾਂਝਾ ਵਫਦ ਪਹਿਲਾਂ ਰਹਿ ਚੁੱਕੇ ਡੀ.ਜੀ.ਪੀ. ਸ੍ਰੀ ਵੀ.ਕੇ. ਭਾਵਰਾ ਨੂੰ ਵੀ ਮਿਲ਼ ਕੇ ਮੰਗ ਕਰ ਚੁੱਕਾ ਹੈ ਕਿ ਲੰਘੀ 11 ਦਸੰਬਰ ਨੂੰ ਸਿਟੀ ਥਾਣੇ ਵਿੱਚ ਧਾਰਾ 304, 342, 34 ਤੇ ਅੈਸ.ਸੀ./ਅੈਸ.ਟੀ. ਅੈਕਟ 1989 ਅਧੀਨ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਮੁਲਜ਼ਮਾਂ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ (ਹੁਣ ਡੀ.ਅੈਸ.ਪੀ.), ਏ.ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜਿਵੇਂ ਆਮ ਲੋਕਾਂ ਨੂੰ ਮੁਕੱਦਮਾ ਦਰਜ ਹੋਣ ਸਾਰ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਆਗੂਆਂ ਨੇ ਇਹ ਵੀ ਦੱਸਿਆ ਕਿ ਮੁਕੱਦਮੇ ਦੇ ਦੋਸ਼ੀ ਕੁੱਝ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦੀ ਗੈਰ-ਕਾਨੂੰਨੀ ਛਤਰਛਾਇਆ ਕਾਰਨ ਪਿਛਲੇ ਕਰੀਬ 7 ਮਹੀਨਿਆਂ ਤੋਂ ਖੁੱਲ੍ਹੇ ਘੁੰਮ ਰਹੇ ਹਨ ਜਦਕਿ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਲੋਕ ਪਿਛਲੇ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਧਰਨੇ 'ਤੇ ਬੈਠੇ ਹਨ ਪਰ ਬਾਵਜੂਦ ਇਸ ਸਬੰਧਤ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਦੱਸਿਆ ਕਿ ਜੇਕਰ ਗਰੀਬ ਪਰਿਵਾਰ ਨੂੰ ਨਿਆਂ ਨਾਂ ਮਿਲਿਆ ਤਾਂ ਅਰਥਾਤ ਜੇਕਰ ਸਮਾਂ ਰਹਿੰਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਨਾਂ ਕੀਤਾ ਅਤੇ ਪੀੜ੍ਹਤ ਦੋਵੇਂ ਪਰਿਵਾਰਾਂ ਨੂੰ ਯੋਗ ਮੁਆਵਾਜ਼ਾ ਤੇ ਸਰਕਾਰੀ ਨੌਕਰੀ ਦੇ ਕੇ 17 ਸਾਲਾਂ ਦੇ ਕੀਤੇ ਉਜ਼ਾੜੇ ਦੀ ਭਰਪਾਈ ਕਰਵਾਉਣ ਲਈ ਕਿਸਾਨ-ਮਜ਼ਦੂਰ ਜੱਥੇਬੰਦੀਆਂ ਸੰਘਰਸ਼ ਨੂੰ ਜਾਰੀ ਰੱਖਣਗੀਆਂ। ਜ਼ਿਕਰਯੋਗ ਹੈ ਕਿ ਥਾਣਾ ਸਿਟੀ ਜਗਰਾਉਂ ਦੇ ਤੱਤਕਾਲੀ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਨੇ ਇੱਕ ਸਾਜਿਸ਼ ਅਧੀਨ ਸਾਲ ਬਾਦ ਮ੍ਰਿਤਕ ਕੁਲਵੰਤ ਕੌਰ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਅੱਧੀ ਰਾਤ ਥਾਣੇ ਲਿਆ ਕੇ ਨਾਂ ਸਿਰਫ਼ ਕੁੱਟਿਆ-ਮਾਰਿਆ ਸਗੋਂ ਕੁਲਵੰਤ ਕੌਰ ਨੂੰ ਤਸੀਹੇ ਦਿੰਦੇ ਹੋਏ ਕਰੰਟ ਵੀ ਲਗਾਇਆ ਅਤੇ ਫਿਰ ਇਸ ਅੱਤਿਆਚਾਰ ਨੂੰ ਛੁਪਾਉਣ ਲਈ ਕੁਲਵੰਤ ਕੌਰ ਦੇ ਭਰਾ ਤੇ ਭਰਜਾਈ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ਼ ਡੱਕ ਦਿੱਤਾ ਸੀ ਜੋ 10 ਸਾਲਾਂ ਬਾਦ ਝੂਠੇ ਕਤਲ਼ ਕੇਸ ਚੋਂ ਬਰੀ ਹੋਏ। ਪੀੜ੍ਹਤ ਪਰਿਵਾਰ ਅਨੁਸਾਰ ਥਾਣਾਮੁਖੀ ਵਲੋਂ ਦਿੱਤੇ ਤਸੀਹਿਆਂ ਕਾਰਨ ਹੀ ਕੁਲਵੰਤ ਕੌਰ ਨਕਾਰਾ ਹੋ ਕੇ 15 ਸਾਲ ਮੰਜੇ ਤੇ ਪਈ ਰਹਿਣ ਤੋ ਬਾਦ 10 ਦਸੰਬਰ 2021 ਨੂੰ ਦੁਨੀਆਂ ਤੋਂ ਚਲ ਵਸੀ ਅਤੇ ਮੌਤ ਉਪਰੰਤ ਪੁਲਿਸ ਨੇ ਦੋਸ਼ੀ ਥਾਣਾਮੁਖੀ ਗੁਰਿੰਦਰ ਬੱਲ, ਏ.ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਖਿਲਾਫ਼ ਉਕਤ ਧਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਕੀਤਾ ਪਰ ਅੱਜ ਤੱਕ ਗ੍ਰਿਫਤਾਰੀ ਨਹੀਂ ਕੀਤੀ ਕਿਉਂਕਿ ਦੋਸ਼ੀ ਕੁੱਝ ਪੁਲਿਸ ਅਧਿਕਾਰੀਆਂ ਤੇ ਸਿਆਸੀ ਲੀਡਰਾਂ ਦੇ ਚਹੇਤੇ ਹਨ।ਇਸ ਸਮੇਂ ਹਰੀ ਸਿੰਘ, ਅਵਤਾਰ ਸਿੰਘ ਜਗਰਾਉਂ, ਗੁਰਚਰਨ ਸਿੰਘ, ਰੂਪ ਸਿੰਘ ਤੇ ਬਾਬਾ ਬੰਤਾ ਸਿੰਘ ਚਾਹਿਲ ਵੀ ਹਾਜ਼ਰ ਸਨ।