ਲੁਧਿਆਣਾ, 12 ਅਪ੍ਰੈਲ : ਮੈਪਲ ਬੀਅਰ ਕੈਨੇਡੀਅਨ ਪ੍ਰੀ-ਸਕੂਲ, ਊਧਮ ਸਿੰਘ ਨਗਰ, ਲੁਧਿਆਣਾ ਦੇ 20 ਬੱਚਿਆਂ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਣਕ ਦੇ ਖੇਤਾਂ ਦਾ ਦੌਰਾ ਕੀਤਾ। ਇਹ ਬੱਚੇ ਰਵਾਇਤੀ ਪੁਸ਼ਾਕਾਂ ਅਤੇ ਗਹਿਣਿਆਂ ਨਾਲ ਸਜੇ ਸਨ ਤੇ ਇਨ੍ਹਾਂ ਨੇ ਵਿਸਾਖੀ ਮਨਾਉਂਦਿਆਂ ਢੋਲ ਦੀ ਤਾਲ 'ਤੇ ਰਵਾਇਤੀ ਨਾਚ ਕੀਤਾ। ਪੰਜਾਬ ਦੀ ਪੁਰਾਤਨ ਵਿਰਾਸਤ ਦਰਸਾਉਂਦੇ ਇਹ ਨਿੱਕੇ ਬੱਚੇ ਆਪਣੇ ਅਧਿਆਪਕਾਂ ਨਾਲ ਤਿਉਹਾਰ ਦੇ ਜੋਸ਼, ਖੁਸ਼ੀ ਅਤੇ ਹੁਲਾਸ ਦੀ ਭਾਵਨਾ ਨੂੰ ਮਹਿਸੂਸ ਕਰ ਰਹੇ ਸਨ । ਉਨ੍ਹਾਂ ਦੇ ਅਧਿਆਪਕਾਂ ਨੇ ਵੀ ਕਣਕ ਦੀ ਵਾਢੀ ਦੀ ਰਸਮ ਵਿਚ ਹਿੱਸਾ ਲਿਆ । ਇਹ ਬੱਚੇ ਪੀਏਯੂ ਵਿਖੇ ਖੜ੍ਹੀਆਂ ਫਸਲਾਂ ਨੂੰ ਦੇਖਣ ਲਈ ਉਤਸ਼ਾਹਿਤ ਨਜ਼ਰ ਆਏ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਅਗਰਵਾਲ ਨੇ ਪੀਏਯੂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਸਕੂਲ ਪਿਛਲੇ 18 ਸਾਲਾਂ ਤੋਂ ਲਗਭਗ 3-4 ਸਾਲ ਦੀ ਉਮਰ ਦੇ ਬੱਚਿਆਂ ਲਈ ਚਲਾਇਆ ਜਾ ਰਿਹਾ ਹੈ। ਇਸੇ ਸਕੂਲ ਦੇ ਪੂਰੇ ਭਾਰਤ ਅਤੇ ਵਿਸ਼ਵ ਭਰ ਵਿੱਚ 130 ਤੋਂ ਵੱਧ ਕੇਂਦਰ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਬੱਚਿਆਂ ਨੂੰ ਆਪਣੀ ਵਿਰਾਸਤ ਦੇ ਨਾਲ-ਨਾਲ ਸੱਭਿਆਚਾਰ ਨਾਲ ਜੋੜੀ ਰੱਖਣਾ ਹੈ। ਡਾ: ਲਵਲੀਸ਼ ਗਰਗ, ਪਸਾਰ ਵਿਗਿਆਨੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ, ਜਦਕਿ ਵਰਿੰਦਰ ਸਿੰਘ ਨੇ ਧੰਨਵਾਦ ਕੀਤਾ। ਇਹ ਦੌਰਾ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਦੀ ਅਗਵਾਈ ਹੇਠ ਸੰਪੰਨ ਹੋਇਆ।