- ਐਡਵੋਕੇਟ ਧਾਮੀ ਦੀ ਅਗਵਾਈ ‘ਚ ਅੰਤਿ੍ਰੰਗ ਕਮੇਟੀ ਦੀ ਹੰਗਾਮੀ ਇਕੱਤਰਤਾ ‘ਚ ਲਿਆ ਫੈਸਲਾ
- ਹਰਿਆਣਾ ਸਰਕਾਰ ਦੀ ਨਾਮਜ਼ਦ ਕਮੇਟੀ ਦੀ ਕਾਰਵਾਈ ਅੰਗਰੇਜ਼ਾਂ ਸਮੇਂ ਮਹੰਤਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਤੋਂ ਘੱਟ ਨਹੀਂ- ਐਡਵੋਕੇਟ ਧਾਮੀ
ਚੰਡੀਗੜ੍ਹ, 24 ਫ਼ਰਵਰੀ : ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਵੱਲੋਂ ਬੀਤੇ ਦਿਨਾਂ ਅੰਦਰ ਗੁਰਦੁਆਰਿਆਂ ‘ਤੇ ਕੀਤੇ ਗਏ ਕਬਜ਼ਿਆਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਮਾਰਚ 2023 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਉਚੇਚਾ ਇਜਲਾਸ ਸੱਦ ਲਿਆ ਹੈ। ਇਹ ਫੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ 72 ਘੰਟਿਆਂ ਦੇ ਨੋਟਿਸ ‘ਤੇ ਇਕ ਨੁਕਾਤੀ ਏਜੰਡਾ ਵਿਚਾਰਨ ਲਈ ਹੋਈ ਇਕੱਤਰਤਾ ਵਿਚ ਕੀਤਾ ਗਿਆ। ਇਥੇ ਕਲਗੀਧਰ ਨਿਵਾਸ ਵਿਖੇ ਅੱਜ ਹੋਈ ਇਕੱਤਰਤਾ ਦੌਰਾਨ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹਰਿਆਣਾ ਸਰਕਾਰ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਆਪਣੇ ਅਧੀਨ ਚਲਾਉਣ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ ਭਾਜਪਾ ਦਾ ਸਿੱਖ ਕੌਮ ‘ਤੇ ਵੱਡਾ ਹਮਲਾ ਕਰਾਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ ਹੇਠ ਹਰਿਆਣਾ ਦੀ ਸਰਕਾਰ ਨੇ ਸਿੱਖ ਗੁਰਧਾਮਾਂ ਨੂੰ ਆਪਣੇ ਕਬਜ਼ੇ ਹੇਠ ਲੈਣ ਦਾ ਘਿਨੌਣਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਐਡਹਾਕ ਕਮੇਟੀ ਨੂੰ ਧੱਕੇ ਨਾਲ ਗੁਰੂ ਘਰਾਂ ਦਾ ਪ੍ਰਬੰਧ ਦਵਾਉਣ ਲਈ ਮਰਯਾਦਾ ਦੀ ਘੋਰ ਉਲੰਘਣਾ ਕੀਤੀ ਗਈ ਅਤੇ ਪੁਲਿਸ ਕਰਮੀ ਜੋੜੇ ਪਾ ਕੇ ਗੁਰਦੁਆਰਾ ਪਰਕਰਮਾਂ ਅੰਦਰ ਦਾਖ਼ਲ ਹੋਏ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅਤੇ ਐਡਹਾਕ ਕਮੇਟੀ ਦੀ ਇਸ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਵਿਰੁੱਧ ਭੁਗਤ ਰਹੀ ਹੈ। ਕੋਰਟ ਦੇ ਫੈਸਲੇ ‘ਚ ਸਪੱਸ਼ਟ ਹੈ ਕਿ ਹਰਿਆਣਾ ਕਮੇਟੀ ਕਾਰਜਸ਼ੀਲ ਕਰਨ ਲਈ ਚੋਣ ਕੀਤੀ ਜਾਵੇ ਅਤੇ ਚੁਣੇ ਜਾਣ ਵਾਲੇ ਮੈਂਬਰ ਅੰਮ੍ਰਿਤਧਾਰੀ ਹੋਣ, ਪਰ ਸਰਕਾਰ ਵੱਲੋਂ ਨਾਮਜ਼ਦ ਕਮੇਟੀ ਵਿਚ ਵੱਡੀ ਗਿਣਤੀ ਮੈਂਬਰ ਰਹਿਤ ਤੋਂ ਸੱਖਣੇ ਹਨ। ਇਸ ਤੋਂ ਇਲਾਵਾ ਨੋਟੀਫਿਕੇਸ਼ਨ ਰਾਹੀਂ ਕਮੇਟੀ ਚੁਣਨ ਦੀ ਪ੍ਰਕਿਰਿਆ ਵੀ ਗੈਰ-ਸੰਵਿਧਾਨਕ ਹੈ, ਕਿਉਂਕਿ ਇਹ 24 ਅਕਤੂਬਰ 2022 ਨੂੰ ਗਵਰਨਰ ਰਾਹੀਂ ਆਰਡੀਨੈਂਸ ਜਾਰੀ ਕਰਵਾ ਕੇ ਗੁਰੂ ਘਰ ਦੇ ਪ੍ਰਬੰਧ ‘ਤੇ ਸਰਕਾਰੀ ਕਬਜ਼ੇ ਦਾ ਰਾਹ ਬਣਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਵਿਚ ਇਕ ਪੰਜ ਮੈਂਬਰੀ ਕਮੇਟੀ ਸਥਾਪਤ ਕੀਤੀ ਸੀ, ਜਿਸ ਦੀ ਰਿਪੋਰਟ ਅੱਜ ਦੀ ਅੰਤਿ੍ਰੰਗ ਕਮੇਟੀ ਵਿਚ ਵਿਚਾਰੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਵਿਚ ਸਪੱਸ਼ਟ ਹੋਇਆ ਹੈ ਕਿ ਹਰਿਆਣਾ ਐਡਹਾਕ ਕਮੇਟੀ ਨੇ ਸਰਕਾਰ ਦੀ ਸਪ੍ਰਸਤੀ ਹੇਠ ਗੁਰੂ ਘਰਾਂ ਵਿਚ ਧੱਕੇਸ਼ਾਹੀ ਕੀਤੀ ਹੈ। ਹਰਿਆਣਾ ‘ਚ ਬਣੀ ਸਰਕਾਰੀ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਮੈਂਬਰ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਹਥਿਆਰਬੰਦ ਬੰਦੇ ਗੁਰੂ ਘਰ ਵਿਚ ਜਬਰੀ ਦਾਖ਼ਲ ਹੋਏ ਅਤੇ ਗੁਰ-ਮਰਯਾਦਾ ਦੀ ਪ੍ਰਵਾਹ ਕੀਤੇ ਬਿਨਾਂ ਗੋਲਕਾਂ ਦੇ ਜਿੰਦਰੇ ਤੋੜ ਕੇ ਆਪਣੇ ਲਗਾ ਦਿੱਤੇ ਗਏ। ਪੁਲਿਸ ਪ੍ਰਸ਼ਾਸਨ ਨੇ ਵੀ ਸੰਗਤਾਂ ਦੇ ਸਤਿਕਾਰ ਨੂੰ ਸੱਟ ਮਾਰਦਿਆਂ ਮਰਯਾਦਾ ਨੂੰ ਤਾਰ-ਤਾਰ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਅੰਗਰੇਜ਼ ਸਰਕਾਰ ਦੇ ਸਮੇਂ ਮਹੰਤਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਤੋਂ ਘੱਟ ਨਹੀਂ ਸੀ। ਉਨ੍ਹਾਂ ਆਖਿਆ ਕਿ ਕਦੇ ਕਾਂਗਰਸ ਜਮਾਤ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਕਰਦੀ ਸੀ, ਪਰ ਅੱਜ ਭਾਰਤੀ ਜਨਤਾ ਪਾਰਟੀ ਵੀ ਉਸ ਤੋਂ ਪਿੱਛੇ ਨਹੀਂ ਰਹੀ। ਕਾਂਗਰਸ ਦੀ ਤਰ੍ਹਾਂ ਇਸ ਦਾ ਖਾਮਿਆਜਾ ਭਾਜਪਾ ਨੂੰ ਵੀ ਭੁਗਤਣਾ ਪਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਦੀ ਅੰਤ੍ਰਿੰਗ ਕਮੇਟੀ ਨੇ ਸਿੱਖਾਂ ਦੇ ਸ਼ਕਤੀ ਸੋਮੇ ਗੁਰਦੁਆਰਾ ਸਾਹਿਬਾਨ ਦੀ ਮਾਣ-ਮਰਯਾਦਾ ਦੇ ਉਲੰਘਣ ਦੀ ਕਰੜੀ ਅਲੋਚਨਾ ਕਰਦਿਆਂ ਇਸ ਸਬੰਧ ਵਿਚ ਅਗਲੀ ਰੂਪਰੇਖਾ ਉਲੀਕਣ ਲਈ ਸਮੂਹ ਮੈਂਬਰਾਂ ਦੀ ਜਨਰਲ ਇਕੱਤਰਤਾ ਸੱਦਣ ਦਾ ਫੈਸਲਾ ਕੀਤਾ ਹੈ। ਇਜਲਾਸ ਦੌਰਾਨ ਆਏ ਸੁਝਾਵਾਂ ਅਨੁਸਾਰ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਇਕੱਤਰਤਾ ‘ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤਿ੍ਰੰਗ ਮੈਂਬਰ ਸ. ਜਰਨੈਲ ਸਿੰਘ ਕਰਤਾਰਪੁਰ, ਸ.ਬਾਵਾ ਸਿੰਘ ਗੁਮਾਨਪੁਰਾ, ਸ. ਮੋਹਨ ਸਿੰਘ ਬੰਗੀ, ਸ. ਗੁਰਨਾਮ ਸਿੰਘ ਜੱਸਲ, ਸ. ਪਰਮਜੀਤ ਸਿੰਘ ਖਾਲਸਾ, ਸ. ਸੁਰਜੀਤ ਸਿੰਘ ਤੁਗਲਵਾਲ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਬਾਬਾ ਗੁਰਪ੍ਰੀਤ ਸਿੰਘ, ਸ. ਮਲਕੀਤ ਸਿੰਘ ਚੰਗਾਲ, ਸਕੱਤਰ ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਸ. ਸਿਮਰਜੀਤ ਸਿੰਘ, ਸ. ਲਖਬੀਰ ਸਿੰਘ, ਸ. ਸ਼ਾਹਬਾਜ਼ ਸਿੰਘ, ਆਦਿ ਮੌਜੂਦ ਸਨ।