ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਡਰੱਗ ਕੰਟਰੋਲ ਵਿਭਾਗ ਨੇ ਅੰਮ੍ਰਿਤਸਰ ਜਿਲੇ ਵਿੱਚੋਂ 71 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ 38 ਮੈਡੀਕਲ ਸਟੋਰਾਂ ਦੇ ਲਾਇਸੰਸ ਕੀਤੇ ਸਸਪੈਂਡ ਅੰਮ੍ਰਿਤਸਰ 14 ਮਈ 2025 : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲੇ ਵਿੱਚ ਬ

ਅੰਮ੍ਰਿਤਸਰ 14 ਮਈ 2025 : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲੇ ਵਿੱਚ ਬੀਤੇ ਕਰੀਬ ਦੋ ਮਹੀਨਿਆਂ ਤੋਂ ਚਲਾਏ ਜਾ ਰਹੇ ਨਸ਼ਿਆਂ ਵਿਰੁੱਧ ਯੁੱਧ ਦੌਰਾਨ ਡਰੱਗ ਕੰਟਰੋਲ ਵਿਭਾਗ ਨੇ ਜਿਲ੍ਹੇ ਦੇ ਮੈਡੀਕਲ ਸਟੋਰਾਂ ਦੀ ਕੀਤੀ ਜਾਂਚ ਵਿੱਚ ਹੁਣ ਤੱਕ 71 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ‌ । ਇਹ ਜਾਣਕਾਰੀ ਦਿੰਦਿਆਂ ਜੋਨਲ ਲਾਈਸੈਸਿੰਗ ਅਥਾਰਟੀ ਦੇ ਅਧਿਕਾਰੀ ਸ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੀਆਂ ਟੀਮਾਂ ਵੱਲੋਂ ਹੁਣ ਤੱਕ 94 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 1.60 ਲੱਖ ਨਸ਼ੇ ਦੇ ਕੈਪਸੂਲ ਅਤੇ 1.55 ਲੱਖ ਨਸ਼ੇ ਦੀਆਂ ਗੋਲੀਆਂ ਵੱਖ-ਵੱਖ ਸਟੋਰਾਂ ਤੋਂ ਬਰਾਮਦ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਇਹ ਦਵਾਈਆਂ ਜਿਸ ਵਿੱਚ ਪ੍ਰੈਗਾਬਲੀਨ, ਟਰਾਮਾਡੋਲ, ਟੇਪੀਟਡੋਲ ਆਦਿ ਸ਼ਾਮਿਲ ਹਨ, ਦੀ ਕੀਮਤ ਕਰੀਬ 71 ਲੱਖ ਰੁਪਏ ਬਣਦੀ ਹੈ। ਉਹਨਾਂ ਦੱਸਿਆ ਕਿ ਇਹਨਾਂ ਮੈਡੀਕਲ ਸਟੋਰਾਂ ਜਿਨਾਂ ਵਿੱਚੋਂ ਇਹ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਛੇ ਪੁਲਿਸ ਕੇਸ ਦਰਜ ਕੀਤੇ ਗਏ ਹਨ, ਪੰਜ ਮੈਡੀਕਲ ਸਟੋਰ ਸੀਲ ਕੀਤੇ ਗਏ ਹਨ, ਪੰਜ ਮੈਡੀਕਲ ਸਟੋਰਾਂ ਦੇ ਲਾਇਸੈਂਸ ਕੈਂਸਲ ਕੀਤੇ ਗਏ ਹਨ ਅਤੇ 38 ਮੈਡੀਕਲ ਸਟੋਰਾਂ ਦੇ ਲਾਇਸੰਸ ਸਸਪੈਂਡ ਕੀਤੇ ਜਾ ਚੁੱਕੇ ਹਨ‌। ਉਹਨਾਂ ਦੱਸਿਆ ਕਿ ਨਸ਼ੇ ਵਿਰੁੱਧ ਇਹ ਕਾਰਵਾਈ ਨਿਰੰਤਰ ਜਾਰੀ ਹੈ ਅਤੇ ਸਾਡੀਆਂ ਟੀਮਾਂ ਹੁਣ ਹਰੇਕ ਨਿੱਕੇ ਵੱਡੇ ਪਿੰਡਾਂ ਦੇ ਮੈਡੀਕਲ ਸਟੋਰਾਂ ਦੀ ਜਾਂਚ ਲਈ ਵੀ ਜਾ ਰਹੀਆਂ ਹਨ ਤਾਂ ਜੋ ਕੋਈ ਵੀ ਮੈਡੀਕਲ ਸਟੋਰ ਵਿਕਰੇਤਾ ਨਸ਼ੇ ਨਾਲ ਸੰਬੰਧਿਤ ਦਵਾਈ ਦੀ ਦੁਰਵਰਤੋਂ ਨਾ ਕਰ ਸਕੇ। ਉਹਨਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੋ ਵੀ ਦਵਾਈ ਵਿਕਰੇਤਾ ਨਸ਼ੇ ਦੀਆਂ ਗੋਲੀਆਂ ਵੇਚਦਾ ਪਾਇਆ ਗਿਆ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।