ਐਨ.ਡੀ.ਆਰ.ਐਫ ਵੱਲੋਂ ਨਸਰਾਲਾ ਬੌਟਲਿੰਗ ਪਲਾਂਟ ‘ਚ ਕਰਵਾਇਆ ਗਿਆ ਮੌਕ ਅਭਿਆਸ

ਹੁਸ਼ਿਆਰਪੁਰ, 14 ਮਈ 2025 : ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ  (ਐਨ.ਡੀ.ਆਰ.ਐਫ) ਵੱਲੋਂ ਅੱਜ ਨਸਰਾਲਾ ਬੌਟਲਿੰਗ ਪਲਾਂਟ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੌਕ ਅਭਿਆਸ ਕਰਵਾਇਆ ਗਿਆ। ਇਸ ਮੌਕੇ ਐਨ.ਡੀ.ਆਰ.ਐਫ, ਪੁਲਿਸ, ਫਾਇਰ, ਸਿਹਤ ਸਮੇਤ ਸਾਰੇ ਸਹਾਇਕ ਵਿਭਾਗਾਂ ਦੀਆਂ ਟੀਮਾਂ ਤਾਇਨਾਤ ਸਨ। ਇਸ ਦੌਰਾਨ ਬੌਟਲਿੰਗ ਪਲਾਂਟ ਵਿਚ ਗੈਸ ਲੀਕੇਜ ਨਾਲ ਸਬੰਧਤ ਇਕ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਨ.ਡੀ.ਆਰ.ਐਫ ਦੇ ਸਹਾਇਕ ਕਮਾਂਡੈਂਟ ਪੰਕਜ ਸ਼ਰਮਾ ਅਤੇ ਇੰਸਪੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਮੌਕ ਅਭਿਆਸ ਤੋਂ ਪਹਿਲਾਂ ਵਿਭਾਗਾਂ ਨਾਲ ਓਰੀਐਂਟੇਸ਼ਨ ਅਤੇ ਕੋਆਰਡੀਨੇਸ਼ਨ-ਕਮ-ਟੇਬਲ ਟਾਪ ਐਕਸਰਸਾਈਜ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸੀ.ਆਰ.ਬੀ.ਐਨ (ਰਸਾਇਣਕ, ਰੇਡੀਓਲੌਜੀਕਲ, ਜੈਵਿਕ ਅਤੇ ਪ੍ਰਮਾਣੂ) ਮੌਕ ਅਭਿਆਸ ਖਾਸ ਤੌਰ 'ਤੇ ਉਦਯੋਗਿਕ ਸੁਰੱਖਿਆ ਦੇ ਸੰਦਰਭ ਵਿਚ ਜਾਗਰੂਕਤਾ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਵੱਖ-ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀ ਤਿਆਰੀ ਨੂੰ ਉਤਸ਼ਾਹਿਤ ਕਰਨਾ ਅਤੇ ਜਨਤਾ ਨੂੰ ਸੰਭਾਵੀ ਖਤਰਿਆਂ ਤੋਂ ਜਾਣੂ ਕਰਵਾਉਣਾ ਸੀ। ਉਨ੍ਹਾਂ ਨੇ ਮੌਕ ਡਰਿੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਸਰਾਲਾ ਬੌਟਲਿੰਗ ਪਲਾਂਟ ਦਾ ਧੰਨਵਾਦ ਕੀਤਾ। ਇਸ ਮੌਕੇ ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਲੋਕੇਸ਼ ਪੁਰੀ, ਸੁਨੀਲ ਕਪੂਰ, ਡਿਪਟੀ ਡੀ.ਈ.ਓ ਧੀਰਜ ਵਸ਼ਿਸ਼ਟ, ਚੰਦਰ ਪ੍ਰਕਾਸ਼ ਸੈਣੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।