ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲੇਗਾ ਪੰਜਾਬ 

  • ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ ਹਲਕੇ ਦੇ 4 ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ

ਗੁਰਦਾਸਪੁਰ, 20 ਮਈ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਿਆ ਖੇਤਰ ਨੂੰ ਬਿਹਤਰੀਨ ਬਣਾਉਣ ਵਾਸਤੇ ਵਿੱਢੀ ਗਈ ਮੁਹਿੰਮ "ਪੰਜਾਬ ਸਿੱਖਿਆ ਕ੍ਰਾਂਤੀ" ਤਹਿਤ ਸਰਕਾਰੀ ਸਕੂਲਾਂ ਵਿੱਚ ਮਿਸਾਲੀ ਕਾਰਜ ਕੀਤੇ ਗਏ ਹਨ ਤੇ ਕਰਵਾਏ ਜਾ ਰਹੇ ਹਨ, ਜਿਸ ਨਾਲ ਸੂਬੇ ਦਾ ਸਿੱਖਿਆ ਢਾਂਚਾ ਦੇਸ਼ ਭਰ ਲਈ ਮਿਸਾਲ ਬਣਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਜਗਰੂਪ ਸਿੰਘ ਸੇਖਵਾਂ ਨੇ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੁਲੋਆਣਾ, ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਪਸਨਾਵਾਲ ਅਤੇ ਸਰਕਾਰੀ ਹਾਈ ਸਕੂਲ ਧਾਰੀਵਾਲ ਕਲਾਂ ਵਿਖੇ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਆਮ ਵਿਅਕਤੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਹੀ ਤਰਜੀਹ ਦਿੰਦੇ ਸਨ ਪ੍ਰੰਤੂ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਇਤਿਹਾਸਕ ਉਪਰਾਲਿਆਂ ਸਦਕਾ ਅੱਜ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਹੋਇਆ ਹੈ। ਚੇਅਰਮੈਨ ਸ. ਸੇਖਵਾਂ ਨੇ ਕਿਹਾ ਕਿ ਪੰਜਾਬ ਦੇ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਲਗਭਗ 28 ਲੱਖ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਹਨਾਂ ਵਿੱਚੋਂ ਕਰੀਬ 17 ਹਜ਼ਾਰ ਸਕੂਲਾਂ ਨੂੰ ਵਾਈ-ਫਾਈ ਦੀ ਸਹੂਲਤ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ ਤਿੰਨ ਸਾਲਾਂ ਵਿੱਚ ਜਿੱਥੇ 20 ਹਜ਼ਾਰ ਅਧਿਆਪਕ ਭਰਤੀ ਕੀਤੇ ਗਏ ਹਨ, ਉੱਥੇ 12,700 ਅਧਿਆਪਕ ਪੱਕੇ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰੀਬ 9000 ਸਫ਼ਾਈ ਸੇਵਕ ਤੇ ਚੌਕੀਦਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਗਾਏ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣ। ਇਸ ਮੌਕੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਵੱਲੋਂ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।