ਡੇਰਾ ਬਾਬਾ ਨਾਨਕ ਵਿਚੋਂ ਲੋਕ "ਆਪ" ਦਾ ਬੋਰੀਆ ਬਿਸਤਰਾ ਗੋਲ ਕਰ ਦੇਣਗੇ : ਸੁਖਜਿੰਦਰ ਰੰਧਾਵਾ 

  • ਸੁਖਜਿੰਦਰ ਰੰਧਾਵਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਲੀਗਲ ਨੋਟਿਸ

ਡੇਰਾ ਬਾਬਾ ਨਾਨਕ, 10 ਨਵੰਬਰ 2024 : ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਰੰਧਾਵਾ ਪਰਿਵਾਰ ਨੂੰ ਲੋਕ ਜੋ ਸਤਿਕਾਰ ਤੇ ਅਹਿਮੀਅਤ ਦੇਂਦੇ ਹਨ ਕਿਸੇ ਤੋਂ ਛੁਪੀ ਨਹੀਂ, ਪਰ ਆਪਣੀ ਹਾਰ ਨੂੰ ਦੇਖ ਕੇ ਬੁਖਲਾਈ ਆਮ ਆਦਮੀ ਪਾਰਟੀ ਹੁਣ ਘਟੀਆ ਰਾਜਨੀਤੀ 'ਤੇ ਉਤਰ ਆਈ ਹੈ। ਪਹਿਲਾਂ ਆਪ ਉਮੀਦਵਾਰ ਗੁਰਦੀਪ ਰੰਧਾਵਾ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਭਰਾ ਅਤੇ ਮਾਂ ਨਾਲ ਮਿਲ ਕੇ ਜੱਗੂ ਕੋਲੋਂ ਜੇਲ੍ਹ ਵਿੱਚੋਂ ਵੀਡਿਓ ਕਾਲ ਕਰਵਾ ਕੇ ਲੋਕਾਂ ਨੂੰ ਕਾਂਗਰਸ ਵਿਰੁੱਧ ਡਰਾਉਣ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਤੇ ਕੱਲ੍ਹ ਡੇਰਾ ਬਾਬਾ ਨਾਨਕ ਵਿਖੇ ਰੈਲੀ ਦੌਰਾਨ ਕੇਜਰੀਵਾਲ ਨੇ ਬੇਸਿਰ ਪੈਰ ਇਲਜ਼ਾਮ ਲਗਾ ਕੇ ਲੋਕ ਸਭਾ ਮੈਂਬਰ ਅਤੇ ਮਾਝੇ ਦੇ ਹਰਮਨ ਪਿਆਰੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸੰਬੰਧੀ ਕੇਜਰੀਵਾਲ ਨੂੰ ਲੀਗਲ ਨੋਟਿਸ ਵੀ ਭੇਜਿਆ ਅਤੇ ਲੋਕ ਸਭਾ ਸਪੀਕਰ ਨੂੰ ਅਰਜੀ ਲਿਖ ਕੇ ਸੂਚਿਤ ਕਰਦਿਆਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਉਨ੍ਹਾਂ ਉੱਤੇ ਲਗਾਏ ਝੂਠੇ ਇਲਜ਼ਾਮਾਂ ਦੀ ਮੁਆਫੀ ਨਾ ਮੰਗੀ ਤਾਂ ਉਹ ਕੇਸ ਕਰਨ ਲਈ ਮਜ਼ਬੂਰ ਹੋਣਗੇ। ਇਸ ਸਭ ਦਾ ਰੰਧਾਵਾ ਦੇ ਸਮਰਥਕਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਮਿਲਣਸਾਰ,ਇਮਾਨਦਾਰ ਅਤੇ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਹਾਜ਼ਰ ਹੋਣ ਵਾਲੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦਾ ਜਵਾਬ "ਆਪ" ਦਾ ਡੇਰਾ ਬਾਬਾ ਨਾਨਕ ਵਿਚੋਂ ਬੋਰੀਆ ਬਿਸਤਰਾ ਗੋਲ ਕਰ ਦੇਣਗੇ। ਕਾਂਗਰਸ ਹਰ ਦਿਨ ਆਪਣੇ ਵਿਰੋਧੀਆਂ ਉੱਤੇ ਭਾਰੂ ਪੈਂਦੀ ਹੋਈ ਦੂਜੀਆਂ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਹੋਈ ਹੈ ਜਿਸ ਲਈ ਕਾਂਗਰਸ ਦਾ ਲੋਕਲ ਕਾਡਰ ਦਿਨ ਰਾਤ ਮਿਹਨਤ ਕਰ ਰਿਹਾ ਹੈ। ਅੱਜ ਪਿੰਡ ਕੋਟ ਮੌਲਵੀ ਅਤੇ ਡੇਰਾ ਬਾਬਾ ਨਾਨਕ ਵਿਖੇ ਦਰਜਨਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ।ਇਨ੍ਹਾਂ ਸਭ ਨਵੇਂ ਮੈਂਬਰਾਂ ਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਗਤ ਕਰਦਿਆਂ ਕਿਹਾ ਕਿ ਅੱਜ ਤੋਂ ਇਹ ਸਾਰੇ ਸਾਡਾ ਪਰਿਵਾਰ ਹਨ ਤੇ ਇਨ੍ਹਾਂ ਨੂੰ ਮਾਣ ਸਤਿਕਾਰ ਦੇਣਾ ਅਤੇ ਇਨ੍ਹਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਹਾਜ਼ਰ ਹੋਣਾ ਮੇਰੀ ਤੇ ਮੇਰੇ ਪਰਿਵਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਸ਼ਵਾਸਪਾਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ