
- ਕਿਹਾ-ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਮੇਰੀ ਪਹਿਲੀ ਤਰਜੀਹ
ਬਟਾਲਾ, 21 ਅਪ੍ਰੈਲ, 2025 : ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਪ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਅੱਜ 1 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਆਰ.ਡੀ.ਖੋਸਲਾ, ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਤੋਂ ਲੈ ਕੇ ਕਾਦੀਆਂ ਦੀ ਚੁੰਗੀ ਤੱਕ ਪੈਣ ਵਾਲੇ ਸੀਵਰੇਜ਼ ਦਾ ਕੰਮ ਸ਼ੁਰੂ ਕਰਵਾਇਆ, ਜੋ ਕਰੀਬ 2 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਇਸ ਮੌਕੇ ਭਗਤ ਕੁਨਾਲ ਜੀ, ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਨਵਦੀਪ ਸਿੰਘ, ਅਮਿਤ ਸੋਢੀ, ਹਨੀ ਚੌਹਾਨ, ਵਰੁਣ ਜੀ ਅਤੇ ਟਰੱਸਟੀ ਸੰਨੀ ਮਸੀਹ ਆਦਿ ਮੋਜੂਦ ਸਨ। ਇਸ ਮੌਕੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨਾਂ ਦੀ ਹਮੇਸ਼ਾ ਕੋਸ਼ਿਸ ਹੁੰਦੀ ਹੈ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾਣ ਅਤੇ ਸੀਵਰੇਜ਼ ਨਾ ਪੈਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਲੋਕਾਂ ਦੀ ਇਹ ਸਮੱਸਿਆ ਹੱਲ ਹੋ ਗਈ ਹੈ। ਵਿਧਾਇਕ ਸ਼ੈਰੀ ਕਲਸੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਨ ਅਤੇ ਉਹ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਅਤੇ ਹਲਕੇ ਅੰਦਰ ਸਰਬਪੱਖੀ ਵਿਕਾਸ ਕਰਨ ਲਈ, ਉਹ ਵਚਨਬੱਧ ਹਨ। ਬਟਾਲਾ ਵਿਖੇ ਕਰਵਾਏ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮਹਿਜ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਹਲਕਾ ਬਟਾਲਾ ਵਿੱਚ ਰਿਕਾਰਡ ਵਿਕਾਸ ਕਾਰਜ ਕਰਵਾਏ ਗਏ ਹਨ। ਉਨਾਂ ਦੱਸਿਆ ਕਿ ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਕਾਦੀਆਂ ਰੋਡ, ਕਾਹਨੂੰਵਾਨ ਚੌਂਕ, ਜਲੰਧਰ ਰੋਡ ਤੇ ਸ਼ਹਿਰ ਵਿਚਲਾ ਬਟਾਲਾ-ਅੰਮ੍ਰਿਤਸਰ ਰੋਡ ਚੌੜੀਆਂ ਕਰਨ ਦੇ ਨਾਲ ਸ਼ਹਿਰ ਦੇ ਚੌਂਕਾਂ ਨੂੰ ਚੋੜਿਆਂ ਕੀਤਿਆਂ ਗਿਆ ਹੈ। ਉਸਮਾਨਪੁਰ ਸਿਟੀ ਨੇੜੇ ਸ਼ਹੀਦ ਭਗਤ ਸਿੰਘ ਚੋਂਕ, ਪੁਰਾਣਾ ਅੰਮ੍ਰਿਤਸਰ-ਬਟਾਲਾ ਬਾਈਪਾਸ ਵਿਖੇ ਮਹਾਰਾਜਾ ਅਗਰਸੈਨ ਚੌਂਕ ਬਣਾਉਣ ਤੋਂ ਇਲਾਵਾ ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਅਤੇ ਓਥੇ ਵੱਡ ਅਕਾਰੀ ਕਲਾਕ ਟਾਵਰ ਲਗਾਇਆ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਇੱਕ ਛੱਤ ਹੇਠ ਵੱਖ-ਵੱਖ ਸਰਕਾਰੀ ਸਹੂਲਤਾਂ ਦੇਣ ਦੇ ਮੰਤਵ ਨਾਲ ਨਵਾਂ ਤਹਿਸੀਲ ਕੰਪੈਲਕਸ ਉਸਾਰਿਆ ਜਾ ਰਿਹਾ ਹੈ, ਜੋ ਜਲਦ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਨਵੇਂ ਐਂਟਰੀ ਗੇਟ ਬਣਾਏ ਜਾ ਰਹੇ ਹਨ। ਵਿਦਿਆਰਥੀਆਂ ਨੂੰ ਹੋਰ ਬਿਹਤਰ ਸਿੱਖਿਆਂ ਮੁਹੱਈਆ ਕਰਵਾਉਣ ਦੇ ਨਾਲ ਸਕੂਲ ਆਫ ਐੱਮੀਨੈੱਸ ਉਸਾਰਿਆ ਗਿਆ ਹੈ। ਲੋਕਾਂ ਨੂੰ ਹੋਰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਜੋ ਸਫਲਤਾਪੂਰਵਕ ਚੱਲ ਰਹੇ ਹਨ। ਦਾਣਾ ਮੰਡੀ ਬਟਾਲਾ ਵਿਖੇ ਦੁਕਾਨਦਾਰਾਂ ਤੇ ਆੜ੍ਹਤੀਆਂ ਦੀਆਂ ਸਹੂਲਤ ਲਈ 1.5 ਕਰੋੜ ਦੀ ਲਾਗਤ ਨਾਲ ਮੰਡੀ ਸ਼ੈੱਡ ਉਸਾਰਿਆ ਗਿਆ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਹਲਕੇ ਵਿੱਚ ਬਿਨਾਂ ਪੱਖਪਾਤ ਤੋਂ ਹਰ ਵਰਗ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੁਹਰਾਇਆ ਕਿ ਉਹ ਬਟਾਲਾ ਹਲਕੇ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਵਿਕਾਸ ਕਾਰਜਾਂ ਲਈ ਕੋਈ ਕਸਰ ਬਾਕੀਂ ਨਹੀਂ ਛੱਡੀ ਜਾਵੇਗੀ।