ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੌਲੋਵਾਲ, ਅਰਲੀਭੰਨ ਤੇ ਦਰਗਾਬਾਦ ਵਿਖੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

  • ਸਿੱਖਿਆ ਕ੍ਰਾਂਤੀ ਨਾਲ ਸੂਬੇ ਦੇ 12 ਹਜ਼ਾਰ ਸਰਕਾਰੀ ਸਕੂਲਾਂ 'ਚ ਆਇਆ ਇਤਿਹਾਸਕ ਇਨਕਲਾਬ : ਵਿਧਾਇਕ  ਰੰਧਾਵਾ

ਗੁਰਦਾਸਪੁਰ, 20 ਮਈ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਹੋਈ ਸਿੱਖਿਆ ਕ੍ਰਾਂਤੀ ਨਾਲ ਸੂਬੇ ਦੇ 12 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਇਤਿਹਾਸਕ ਇਨਕਲਾਬ ਆਇਆ ਹੈ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ 12 ਫ਼ੀਸਦੀ ਬਜਟ ਦਾ ਵਾਧਾ ਕਰਕੇ ਇਤਿਹਾਸ ਸਿਰਜਿਆ ਹੈ। ਇਹ ਪ੍ਰਗਟਾਵਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ, ਅਰਲੀਭੰਨ ਅਤੇ ਦਰਗਾਬਾਦ ਵਿਖੇ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਫ਼ੈਸਲੇ ਕੀਤੇ ਗਏ ਹਨ ਅਤੇ ਇਨ੍ਹਾਂ ਫ਼ੈਸਲਿਆਂ ਦੀ ਬਦੌਲਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਅਤਿ ਆਧੁਨਿਕ ਸਹੂਲਤਾਂ ਨਾਲ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਕਰੀਬ 20 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ. ਤੇ ਆਈ.ਆਈ.ਟੀ. ਆਦਿ ਉੱਚ ਵਿਸ਼ਿਆਂ ਸਬੰਧੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਦਾ ਭਵਿੱਖ ਉੱਜਵਲ ਬਣਾਇਆ ਜਾ ਰਿਹਾ ਹੈ। ਵਿਧਾਇਕ ਸ. ਰੰਧਾਵਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਸੂਬੇ ਦੇ ਸਰਕਾਰੀ ਸਕੂਲ ਮਾੜੀ ਹਾਲਤ ਵਿੱਚ ਪਹੁੰਚ ਗਏ ਸਨ ਅਤੇ ਲੋਕ ਵੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜ਼ੀਹ ਦੇਣ ਲੱਗ ਪਏ ਸਨ। ਪ੍ਰੰਤੂ ਜਦੋਂ ਤੋਂ ਭਗਵੰਤ ਮਾਨ ਸਰਕਾਰ ਨੇ ਕਾਰਜਭਾਰ ਸੰਭਾਲਿਆ ਹੈ ਉਦੋਂ ਤੋਂ ਹੀ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਤਰਜੀਹੀ ਖੇਤਰ ਮੰਨਦੇ ਹੋਏ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸ ਸਦਕਾ ਅੱਜ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਵੱਡਾ ਵਾਧਾ ਹੋਇਆ ਹੈ ਅਤੇ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। ਸ. ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਜਰੀਏ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿਚੋਂ ਮੋਹਰੀ ਸੂਬਾ ਬਣੇਗਾ। ਇਸ ਦੌਰਾਨ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ ਅਤੇ ਇਲਾਕੇ ਦੇ ਮੁਹਤਬਰ ਹਾਜ਼ਰ ਸਨ।