ਅੰਮ੍ਰਿਤਸਰ, 14 ਨਵੰਬਰ : ਮਾਨਾਂਵਾਲਾ ਵਿਖੇ ਬਣ ਰਹੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਕੰਪਲੈਕਸ ਵਿੱਚ ਲੰਘਦੇ ਪੰਚਾਇਤੀ ਰਸਤੇ ਦੇ ਹੱਲ ਲਈ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵਲੋਂ ਅੱਜ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੌਕਾ ਵੇਖਿਆ ਗਿਆ। ਦੱਸਣਯੋਗ ਹੈ ਕਿ 61 ਏਕੜ ਦੇ ਇਸ ਕੰਪਲੈਕਸ ਵਿੱਚ ਲੰਘਦਾ ਇਕ ਪੰਚਾਇਤੀ ਰਸਤੇ ਦਾ ਫੈਸਲਾ ਅਦਾਲਤ ਨੇ ਸਬੰਧਤ ਪੰਚਾਇਤ ਦੇ ਹੱਕ ਵਿੱਚ ਕੀਤਾ ਹੈ। ਅੱਜ ਸ੍ਰੀ ਥੋਰੀ ਨੇ ਮੌਕਾ ਵੇਖ ਕੇ ਇਸਦਾ ਹੱਲ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਆਈ.ਆਈ.ਐਮ. ਨੂੰ ਇਸ ਰਸਤੇ ਦੇ ਬਦਲੇ ਪੰਚਾਇਤ ਨੂੰ ਹੋਰ ਢੁਕਵਾਂ ਬਦਲ ਦੇਣ ਲਈ ਕਿਹਾ। ਉਨਾਂ ਨਾਲ ਇਸ ਮੌਕੇ ਹਾਜ਼ਰ ਆਈ.ਆਈ.ਐਮ. ਦੇ ਅਧਿਕਾਰੀ ਸ੍ਰੀ ਰਾਜੀਵ ਰੰਜਨ ਨੇ ਡਿਪਟੀ ਕਮਿਸ਼ਨਰ ਦੇ ਸੁਝਾਅ ਨੂੰ ਡਾਇਰੈਕਟਰ ਆਈ.ਆਈ.ਐਮ. ਕੋਲ ਉਠਾ ਕੇ ਇਸ ਦਾ ਹੱਲ ਤਲਾਸ਼ਣ ਦਾ ਭਰੋਸਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਡੀ.ਡੀ.ਪੀ.ਓ. ਸ੍ਰੀ ਸੰਦੀਪ ਮਲਹੋਤਰਾ, ਜਿਲ੍ਹਾ ਮਾਲ ਅਫ਼ਸਰ ਸ੍ਰੀ ਤਪਨ ਭਨੋਟ, ਤਹਿਸੀਲਦਾਰ ਸ: ਨਵਕਿਰਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।