ਕਾਊਂਟਰ-ਇੰਟੈਲੀਜੈਂਸ ਨੇ 5 ਪਿਸਤੌਲਾਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ, 29 ਅਪ੍ਰੈਲ 2025 : ਪੰਜਾਬ ਪੁਲਿਸ ਨੇ ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗ੍ਰਿਫਤਾਰ ਵਿਅਕਤੀ ਕੋਲੋਂ ਪੰਜ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ ਹਨ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨੇ ਟਵਿੱਟਰ ‘ਤੇ ਇੱਕ ਪੋਸਟ ਰਾਹੀਂ ਕਿਹਾ ਕਿ ਮੁਲਜ਼ਮ ਦੀ ਪਛਾਣ ਜੋਧਬੀਰ ਸਿੰਘ ਵਜੋਂ ਹੋਈ ਹੈ, ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਦਾ ਰਹਿਣ ਵਾਲਾ ਹੈ, ਜਿਸਨੂੰ ਇੱਕ ਖਾਸ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ‘ਚੋਂ ਪੰਜ ਪਿਸਤੌਲ ਬਰਾਮਦ ਕੀਤੇ, ਜਿਨ੍ਹਾਂ ‘ਚ ਦੋ PX5 ਪਿਸਤੌਲ, ਇੱਕ .30 ਬੋਰ ਪਿਸਤੌਲ (ਸਟਾਰ ਮਾਰਕ) ਅਤੇ ਦੋ 9mm ਗਲੌਕ ਪਿਸਤੌਲ ਸ਼ਾਮਲ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੋਧਬੀਰ ਸਿੰਘ ਕਥਿਤ ਤੌਰ ‘ਤੇ ਪਾਕਿਸਤਾਨ ਸਥਿਤ ਇੱਕ ਡਰੱਗ ਤਸਕਰ ਦੇ ਸੰਪਰਕ ‘ਚ ਸੀ, ਜਿਸਨੇ ਭਾਰਤ ਨੂੰ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ‘ਚ ਮੱਦਦ ਕੀਤੀ ਸੀ। ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਵਿਖੇ ਇੱਕ FIR ਦਰਜ ਕੀਤੀ ਹੈ। ਪੰਜਾਬ ਪੁਲਿਸ ਨੇ ਸਿੰਘ ਦੇ ਸਾਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਨੈੱਟਵਰਕ ਦੇ ਸਾਰੇ ਪਿਛਲੇ ਅਤੇ ਅੱਗੇ ਦੇ ਸਬੰਧਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।