ਪਠਾਨਕੋਟ 14 ਨਵੰਬਰ : ਪੰਜਾਬ ਸਰਕਾਰ ਵੱਲੋਂ ਨਵੰਬਰ ਦੇ ਮਹੀਨੇ ਦੀ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਤੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਲੜੀ ਤਹਿਤ ਭਾਸ਼ਾ ਵਿਭਾਗ ਪਟਿਆਲਾ ਦੇ ਨਾਲ ਨਾਲ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਚੱਲ ਰਹੇ ਹਨ। ਇਸ ਲੜੀ ਤਹਿਤ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਤੇ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵੱਲੋਂ ਪ੍ਰੰਪਰਾਗਤ ਲੋਕ ਗਾਇਕੀ ਸਮਾਰੋਹ ਦਾ ਆਯੋਜਨ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ,ਪਠਾਨਕੋਟ ਵਿਖੇ ਕੀਤਾ ਗਿਆ। ਇਹ ਲੋਕ ਗਾਇਕੀ ਦੇ ਰੰਗ ਵਿੱਚ ਰੰਗਿਆ ਤੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦਾ ਖੂਬਸੂਰਤ ਸਮਾਰੋਹ ਆਪਣੀ ਤਰ੍ਹਾਂ ਦਾ ਇੱਕ ਵਿਲੱਖਣ ਸਮਾਗਮ ਸੀ ਜੋ ਲੋਕ ਗਾਇਕੀ ਦਾ ਸਿਖਰ ਹੋਣ ਦੇ ਨਾਲ ਨਾਲ ਲੋਕ ਗਾਇਕਾਂ ਦਾ ਮੇਲਾ ਹੋ ਨਿੱਬੜਿਆ। ਇਸ ਸਮਾਰੋਹ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸ.ਹਰਬੀਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਐੱਸ ਡੀ ਐੱਮ ਮੇਜਰ ਡਾ. ਸੁਮਿਤ ਮੁੱਧ ਜੀ ਨੇ ਸ਼ਮੂਲੀਅਤ ਕੀਤੀ। ਇਸ ਸਮਾਰੋਹ ਦੀ ਅਗਵਾਈ ਵੀ ਐੱਸ ਡੀ ਐੱਮ ਮੇਜਰ ਡਾ.ਸੁਮਿਤ ਮੁੱਧ ਜੀ ਵੱਲੋਂ ਕੀਤੀ ਗਈ ਸੀ। ਇਸ ਸਮਾਰੋਹ ਦਾ ਆਗਾਜ਼ ਮੁੱਖ ਮਹਿਮਾਨ ਅਤੇ ਮਹਿਮਾਨਾਂ ਨੂੰ ਗਮਲੇ ਭੇਟ ਕਰ ਕੇ ਸਵਾਗਤ ਕਰਨ ਨਾਲ ਕੀਤਾ ਗਿਆ। ਇਸ ਉਪਰੰਤ ਜੋਤੀ ਪ੍ਰਜਵੱਲਿਤ ਕੀਤੀ ਗਈ। ਮੁੱਖ ਮਹਿਮਾਨ ਸ.ਹਰਬੀਰ ਸਿੰਘ ਡਿਪਟੀ ਕਮਿਸ਼ਨਰ ਜੀ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਮਨਾਏ ਜਾਣ ਵਾਲੇ ਇਹ ਸਮਾਰੋਹ ਸਾਨੂੰ ਸਾਡੇ ਸਾਹਿਤ, ਭਾਸ਼ਾ ਅਤੇ ਸਭਿਆਚਾਰ ਨਾਲ ਜੋੜਨ ਲਈ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਦਾ ਲੋਕ ਗਾਇਕੀ ਸਮਾਰੋਹ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਇਹ ਸਾਡੀ ਵਿਰਾਸਤ ਤੇ ਸੱਭਿਆਚਾਰ ਨਾਲ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਵਾਲਾ ਹੈ। ਇਸ ਤਰ੍ਹਾਂ ਦੇ ਉਪਰਾਲੇ ਸਮੇਂ ਦੀ ਲੋੜ ਹੈ ਤਾਂ ਕਿ ਸਾਡੀ ਵਿਰਾਸਤ ਸਾਂਭੀ ਰਹੇ ਅਤੇ ਨਵੀਂ ਪੀੜ੍ਹੀ ਵੀ ਆਪਣੀਆਂ ਜੜ੍ਹਾਂ ਨਾਲ ਜੁੜੀ ਰਹਿ ਸਕੇ। ਇਸ ਸਮਾਰੋਹ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਤੋਂ ਵੀ ਲੋਕ ਗਾਇਕ ਪਹੁੰਚੇ ਹੋਏ ਸਨ। ਲੰਬਾ ਸਮਾਂ ਚੱਲਣ ਵਾਲੇ ਇਸ ਸਮਾਰੋਹ ਵਿੱਚ ਪੱਚੀ ਲੋਕ ਗਾਇਕਾਂ ਦੇ ਫ਼ਨ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ ਤੇ ਦਰਸ਼ਕ ਕੀਲੇ ਗਏ।ਵੱਖ ਵੱਖ ਲੋਕ ਗਾਇਕੀ ਦੇ ਰੰਗ ਵਿੱਚ ਰੰਗਿਆਂ ਇਹ ਸਮਾਰੋਹ ਲੋਕਗੀਤਾਂ ਦੀਆਂ ਵੱਖ ਵੱਖ ਵੰਨਗੀਆਂ ਦਾ ਸੰਗਮ ਬਣ ਗਿਆ। ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਸਾਹਿਤਕਾਰ, ਭਾਸ਼ਾ ਪ੍ਰੇਮੀ, ਅਧਿਆਪਕ ਤੇ ਵਿਦਿਆਰਥੀ ਇੱਕ ਤੋਂ ਬਾਅਦ ਇੱਕ ਗਾਇਕ ਨੂੰ ਸੁਣਨ ਲਈ ਉਤਾਵਲੇ ਨਜ਼ਰ ਆਏ ਤੇ ਜੋ ਵੀ ਇਸ ਸਮਾਰੋਹ ਦਾ ਹਿੱਸਾ ਬਣ ਗਿਆ ਉਹ ਅਖੀਰ ਤੱਕ ਉੱਠ ਕੇ ਨਹੀਂ ਜਾ ਸਕਿਆ। ਗਾਇਕਾਂ ਦੀਆਂ ਸਵਰ ਲਹਿਰੀਆਂ ਦੇ ਨਾਲ ਨਾਲ ਸਰੋਤੇ ਵੀ ਗਾਉਂਦੇ ਤੇ ਤਾੜੀਆਂ ਮਾਰਦੇ ਰਹੇ। ਇਸ ਸਮਾਰੋਹ ਵਿੱਚ ਪੰਜਾਬੀ ਭਾਸ਼ਾ ਦੀ ਸੇਵਾ ਲਈ ਜੁਟੇ ਹੋਏ ਹੋਏ ਵਿਦਵਾਨ ਡਾ. ਸੁਖਵਿੰਦਰ ਸਿੰਘ ਹੋਰਾਂ ਨੂੰ, ਸਾਹਿਤ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਸਾਹਿਤਕਾਰ ਸੈਲੀ ਬਲਜੀਤ ਹੋਰਾਂ ਨੂੰ, ਲੋਕ ਗਾਇਕੀ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਪ੍ਰੋ.ਅਲਮਸਤ ਸੋਨੂੰ,ਪ੍ਰੋ. ਹਿਤੇਸ਼ ਕੁਮਾਰ,ਸ.ਰਾਮ ਸਿੰਘ,ਸੁਪਨੰਦਨ ਦੀਪ ਕੌਰ,ਜੈ ਸਿੰਘ, ਹੋਰਾਂ ਨੂੰ ਡਿਪਟੀ ਕਮਿਸ਼ਨਰ ਜੀ ਵੱਲੋਂ ਤੇ ਭਾਸ਼ਾ ਦਫ਼ਤਰ ਪਠਾਨਕੋਟ ਵੱਲੋਂ ਫੁਲਕਾਰੀਆਂ ਤੇ ਸਨਮਾਨ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵੱਲੋਂ ਮੁੱਖ ਮਹਿਮਾਨ ਜੀ, ਵਿਸ਼ੇਸ਼ ਮਹਿਮਾਨ ਜੀ ਅਤੇ ਸਕੂਲ ਪ੍ਰਿੰਸੀਪਲ ਜੀ ਨੂੰ ਸਨਮਾਨਿਤ ਕੀਤਾ ਗਿਆ। ਲੋਕ ਗਾਇਕੀ ਦੇ ਰੰਗ ਵਿੱਚ ਰੰਗਣ ਵਾਲੇ ਗਾਇਕਾਂ ਵਿੱਚ ਰਵਨੀਤ ਔਲਖ, ਭਾਰਤੀ ਤੇ ਨਿਤਿਕਾ ਭੈਣਾਂ,ਹਰਪਿੰਦਰ ਸੰਨਿਆਲ, ਵਿਵੇਕ,ਪਲਕ ਸਹੋਤਾ, ਸੁਰਜੀਤ ਕੁਮਾਰ, ਅਭਿਸ਼ੇਕ, ਸਪਨਾ,ਕਮਲ ਕਿਸ਼ੋਰ, ਮਨਪ੍ਰੀਤ,ਚਾਹਤ ਗੁਲੇਰੀਆ,ਚਾਹਤ ਮਹਾਜਨ, ਜੱਗੀ ਠਾਕੁਰ ਤੋਂ ਇਲਾਵਾ ਰਾਮ ਸਿੰਘ,ਸੁਪਨੰਦਨ ਦੀਪ ਕੌਰ,ਜੈ ਸਿੰਘ,ਪ੍ਰੋ.ਅਲਮਸਤ ਸੋਨੂੰ ਹੋਰਾਂ ਨੇ ਹਾਜ਼ਰੀ ਭਰੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵੱਖ ਵੱਖ ਥਾਵਾਂ ਤੋਂ ਗਾਇਕਾਂ ਦਾ ਇੱਕ ਥਾਂ ਜੁੜਨਾ ਤੇ ਲੋਕ ਗਾਇਕੀ ਦੇ ਵੱਖ ਵੱਖ ਰੰਗਾਂ ਰਾਹੀਂ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਲੰਬਾ ਸਮਾਂ ਸਰੋਤਿਆਂ ਨੂੰ ਬੈਠਣ ਲਈ ਮਜਬੂਰ ਕਰ ਦੇਣਾ ਇਸ ਸਮਾਰੋਹ ਦਾ ਹਾਸਿਲ ਹੈ। ਉਨ੍ਹਾਂ ਹਾਜ਼ਰੀਨ ਨੂੰ ਮਾਂ ਬੋਲੀ ਨੂੰ ਦਿਲੋਂ ਪਿਆਰ ਕਰਨ ਤੇ ਅਪਣਾਉਣ ਦਾ ਵੀ ਸੱਦਾ ਦਿੱਤਾ। ਇਸ ਸਮਾਰੋਹ ਦਾ ਮੰਚ ਸੰਚਾਲਨ ਰਮਨ ਕੁਮਾਰ ਹੋਰਾਂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਪ੍ਰਬੰਧਕਾਂ ਵਜੋਂ ਰਾਜੇਸ਼ ਕੁਮਾਰ ਖੋਜ ਅਫ਼ਸਰ, ਵਿਨੋਦ ਕੁਮਾਰ ਤੇ ਕਮਲ ਕਿਸ਼ੋਰ ਦੀ ਭੂਮਿਕਾ ਅਹਿਮ ਤੇ ਸ਼ਲਾਘਾਯੋਗ ਰਹੀ। ਇਸ ਮੌਕੇ 'ਤੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਹ ਸਮਾਰੋਹ ਬੇਹੱਦ ਸਫ਼ਲ ਤੇ ਯਾਦਗਾਰੀ ਹੋ ਨਿੱਬੜਿਆ ਤੇ ਲੋਕ ਇਹ ਕਹਿੰਦੇ ਹੋਏ ਵਿਦਾ ਹੋਏ ਕਿ ਇਸ ਤਰ੍ਹਾਂ ਦੇ ਸਮਾਰੋਹ ਦੀ ਉਹਨਾਂ ਨੂੰ ਫਿਰ ਤੋਂ ਉਡੀਕ ਰਹੇਗੀ ਤੇ ਇਹ ਪਠਾਨਕੋਟ ਵਿਖੇ ਹੋਇਆ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ ਹੈ ਜੋ ਸਦਾ ਲਈ ਅਭੁੱਲ ਬਣ ਗਿਆ ਹੈ।