ਅੰਮ੍ਰਿਤਸਰ 25 ਅਕਤੂਬਰ : ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਲੋਕ ਸਭਾ ਚੋਣਾਂ 2024 ਦੌਰਾਨ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦਾ ਕੰਮ ਬੈਲ ਕੰਪਨੀ, ਬੰਗਲੌਰ ਵੱਲੋਂ ਭੇਜੇ ਗਏ 10 ਇੰਜੀਨੀਅਰਾਂ ਵੱਲੋਂ 16 ਅਕਤੂਬਰ 2023 ਤੋਂ ਕੀਤਾ ਜਾ ਰਿਹਾ ਹੈ। ਅੱਜ ਮਿਤੀ 25.ਅਕਤੂਬਰ 2023 ਨੂੰ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦੇ ਕੰਮ ਦੀ ਸ੍ਰੀ ਘਨਸ਼ਾਮ ਥੋਰੀ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਈ.ਵੀ.ਐਮ. ਵੇਅਰਹਾਊਸ, ਪਿੰਡ ਦਬੂਰਜੀ ਵਿਖੇ ਸਮੀਖਿਆ ਕੀਤੀ ਗਈ। ਸ਼੍ਰੀ ਥੋਰੀ ਵੱਲੋਂ ਦੱਸਿਆ ਗਿਆ ਕਿ ਵੋਟਿੰਗ ਮਸ਼ੀਨਾਂ ਦੀ ਇਸ ਪ੍ਰੀਕਿਰਿਆ ਦੀ ਵੈਬ ਕਾਸਟਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਨਿਰਪੱਖ ਤੇ ਸੁਚੱਜੀ ਵੋਟਿੰਗ ਕਰਵਾਉਣ ਲਈ ਸਮੇਂ ਸਿਰ ਸਾਰੀਆਂ ਵੋਟਿੰਗ ਮਸ਼ੀਨਾਂ ਦੇ ਕੰਮ ਕਾਜ ਦੀ ਜਾਂਚ ਕਰਨੀ ਜ਼ਰੂਰੀ ਹੈ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਹੜੀਆਂ ਵੋਟਿੰਗ ਮਸ਼ੀਨਾਂ ਖਰਾਬ ਹਨ, ਨੂੰ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਤੇ ਬੈਲ ਕੰਪਨੀ ਨੂੰ ਭੇਜ ਦਿੱਤਾ ਜਾਵੇਗਾ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ/ਨੁਮਾਇੰਦਿਆਂ ਦੀ ਸ਼ਮੂਲੀਅਤ ਲਈ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦੇ ਕੰਮ ਦੌਰਾਨ ਹਾਜ਼ਰ ਰਹਿਣ ਦੀ ਅਪੀਲ ਕੀਤੀ ਗਈ। ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ 5605 ਬੀ.ਯੂ., 3637 ਸੀ.ਯੂ. ਅਤੇ 3370 ਵੀਵੀਪੈਟ ਮੌਜੂਦ ਹਨ ਤੇ ਹੁਣ ਤੱਕ ਕੁੱਲ 1424 ਬੀ.ਯੂ., 1283 ਸੀ.ਯੂ. ਅਤੇ 1333 ਵੀਵੀਵੈਟ ਚੈੱਕ ਕੀਤੇ ਜਾ ਚੁੱਕੇ ਹਨ।