ਵਾਸਿੰਗਟਨ, 16 ਫਰਵਰੀ : ਅਮਰੀਕਾ ਤੋਂ ਮੰਦਭਾਗੀ ਖਬਰ ਜਿੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਦੇ ਟਾਂਡਾ ਦੇ ਅਧੀਨ ਪੈਂਦੇ ਪਿੰਡ ਜਹੂਰਾ ਦੇ ਵਾਸੀ ਵਰਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਕਰੀਬ 11 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਤੇ ਅਮਰੀਕਾ ਦੇ ਇੰਡੀਆਨਾ ਵਿਖੇ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵਰਿੰਦਰ ਕੰਮ ਤੋਂ ਸਾਈਕਲ ‘ਤੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਹਾਈਵੇ ‘ਤੇ ਪਿਛੋਂ ਆਈ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੌਕੇ ‘ਤੇ ਹੀ ਵਰਿੰਦਰ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਵਰਿੰਦਰ 20 ਸਾਲ ਦਾ ਸੀ ਤੇ ਉਸ ਦੇ ਪਿਤਾ ਦੀ ਕਰੀਬ ਛੇ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕੁੱਝ ਦੂਰੀ ਤੇ ਰਹਿੰਦੇ ਵਰਿੰਦਰ ਸਿੰਘ ਦੇ ਤਾਏ ਦਾ ਪੁੱਤਰ ਲਖਵਿੰਦਰ ਸਿੰਘ ਅਪਣੇ ਮਾਮੇ ਦੇ ਲੜਕੇ ਪ੍ਰਭਜੋਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਤਲਵੰਡੀ ਡੱਡੀਆਂ ਨਾਲ ਵਰਿੰਦਰ ਨੂੰ ਦੇਖਣ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਵੀ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਪ੍ਰਭਜੋਤ ਦੀ ਮੌਤ ਹੋ ਗਈ ਅਤੇ ਲਖਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਨ੍ਹਾਂ ਹਾਦਸਿਆਂ ਤੋਂ ਬਾਅਦ ਦੋਹਾਂ ਪਰਵਾਰਾਂ ਵਿਚ ਸੋਗ ਦੀ ਲਹਿਰ ਹੈ। ਵਰਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਦੇ ਮਾਪਿਆਂ ਨੇ ਨੌਜਵਾਨਾਂ ਦੀਆਂ ਦੇਹਾਂ ਨੂੰ ਭਾਰਤ ਲਿਆਉਣ ਲਈ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।