
ਸੈਕਰਾਮੈਂਟ, 20 ਮਈ, 2025 : ਡਾਊਨਟਾਊਨ ਸਿਆਟਲ ਨੇੜੇ ਹੋਈ ਗੋਲੀਬਾਰੀ ਵਿਚ ਇਕ ਔਰਤ ਸਮੇਤ 3 ਵਿਅਕਤੀਆਂ ਦੇ ਮਾਰੇ ਜਾਣ ਤੇ ਇਕ ਹੋਰ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ। ਸਿਆਟਲ ਵਿਭਾਗ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਅਨੁਸਾਰ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਪਾਇਓਨੀਰ ਸਕੁਏਅਰ ਨੇੜੇ ਘਟਨਾ ਸਥਾਨ ‘ਤੇ ਅੱਧੀ ਰਾਤ ਬਾਅਦ 1 ਵਜੇ ਪੁੱਜੇ। ਮੌਕੇ ਉਪਰ ਇਕ ਔਰਤ ਸਮੇਤ 4 ਵਿਅਕਤੀ ਬੇਸੁੱਧ ਹਾਲਤ ਵਿਚ ਮਿਲੇ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਜਿਨਾਂ ਵਿਚੋਂ ਇਕ ਔਰਤ ਸਮੇਤ 3 ਜਣਿਆਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਚੌਥੇ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਾਰਬੋਰਵਿਊ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵਿਭਾਗ ਦੇ ਬਰੀਅਨ ਪ੍ਰਿਚਰਡ ਨੇ ਈ ਮੇਲ ‘ਤੇ ਭੇਜੇ ਇਕ ਬਿਆਨ ਵਿਚ ਕਿਹਾ ਹੈ ਕਿ ਗੋਲੀਬਾਰੀ ਦੇ ਕਾਰਨ ਬਾਰੇ ਜਾਂਚ ਕੀਤੀ ਜਾ ਰਹੀ ਤੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।