ਅਮਰੀਕਾ : ਭਾਰਤ ਵਿੱਚ ਕੁਝ ਟਵਿੱਟਰ ਯੂਜ਼ਰਸ ਨੂੰ ਵੀਰਵਾਰ ਰਾਤ ਨੂੰ ਬਲੂ ਸਬਸਕ੍ਰਿਪਸ਼ਨ ਲਈ ਐਪਲ ਐਪ ਸਟੋਰ ‘ਤੇ ਇੱਕ ਪੌਪ-ਅੱਪ ਮਿਲਿਆ। ਇਸ ‘ਚ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਮਹੀਨਾਵਾਰ ਕੀਮਤ 719 ਰੁਪਏ ਦੱਸੀ ਗਈ ਹੈ। ਹਾਲਾਂਕਿ ਕੀਮਤ ਦਾ ਅਜੇ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਕੀਤਾ ਗਿਆ ਹੈ। ਟਵਿੱਟਰ ਯੂਜ਼ਰਸ ਨੇ ਹੈਰਾਨੀ ਪ੍ਰਗਟਾਈ ਕਿ ਇਹ ਕੀਮਤ ਅਮਰੀਕਾ ‘ਚ ਵਸੂਲੀ ਜਾਣ ਵਾਲੀ ਕੀਮਤ ਤੋਂ ਵੱਧ ਹੈ। ਐਲਨ ਮਸਕ ਨੇ ਅਮਰੀਕਾ ਵਿੱਚ ਟਵਿੱਟਰ ਬਲੂ ਦੀ ਕੀਮਤ 8 ਡਾਲਰ (ਲਗਭਗ 660 ਰੁਪਏ) ਰੱਖੀ ਹੈ। ਜਦੋਂ ਉਨ੍ਹਾਂ ਐਲਾਨ ਕੀਤਾ ਸੀ ਤਾਂ ਕਿਹਾ ਸੀ ਕਿ ਇਸ ਦੀ ਕੀਮਤ ਵੱਖ-ਵੱਖ ਦੇਸ਼ਾਂ ਵਿੱਚ ਉਸ ਦੀ ਖਰੀਦ ਸ਼ਕਤੀ ਦੇ ਮੁਤਾਬਕ ਹੋਵੇਗੀ। ਅਜਿਹੇ ‘ਚ ਮੰਨਿਆ ਜਾ ਰਿਹਾ ਸੀ ਕਿ ਇਹ ਸਰਵਿਸ ਭਾਰਤ ‘ਚ 150-200 ਰੁਪਏ ‘ਚ ਲਾਂਚ ਕੀਤੀ ਜਾ ਸਕਦੀ ਹੈ। ਪਰ ਜੇ ਐਪਲ ਐਪ ਸਟੋਰ ‘ਤੇ 719 ਰੁਪਏ ਦੀ ਇਸ ਕੀਮਤ ਦੀ ਮੰਨੀਏ ਤਾਂ ਭਾਰਤੀ ਯੂਜ਼ਰਸ ਦੀ ਖਰੀਦ ਸ਼ਕਤੀ ਤੋਂ ਇਹ ਕਿਤੇ ਜ਼ਿਆਦਾ ਹੈ। ਇਸ ਤੋਂ ਪਹਿਲਾਂ ਇੱਕ ਖਬਰ ਆਈ ਸੀ ਕਿ ਮਸਕ ਨਾ ਸਿਰਫ ਬਲੂ ਸਬਸਕ੍ਰਿਪਸ਼ਨ ਲਈ ਸਗੋਂ ਟਵਿਟਰ ਦੀ ਵਰਤੋਂ ਕਰਨ ਲਈ ਸਾਰੇ ਯੂਜ਼ਰਸ ਤੋਂ ਚਾਰਜ ਲੈ ਸਕਦੇ ਹਨ। ਰਿਪੋਰਟ ਮੁਤਾਬਕ ਮਸਕ ਨੇ ਹਾਲ ਹੀ ਵਿੱਚ ਇੱਕ ਮੀਟਿੰਗ ਵਿੱਚ ਕਰਮਚਾਰੀਆਂ ਨਾਲ ਵਿਚਾਰ ਚਰਚਾ ਕੀਤੀ। ਮਸਕ ਦੀ ਯੋਜਨਾ ਹੈ ਕਿ ਯੂਜ਼ਰਸ ਨੂੰ ਲਿਮਟਿਡ ਸਮੇਂ ਤੱਕ ਮੁਫਤ ਐਕਸੈੱਸ ਮਿਲਦੀ ਹੈ। ਇਸ ਤੋਂ ਬਾਅਦ ਤੁਹਾਨੂੰ ਟਵਿੱਟਰ ਯੂਜ਼ਰ ਬਣਨ ਲਈ ਸਬਸਕ੍ਰਿਪਸ਼ਨ ਖਰੀਦਣਾ ਹੋਵੇਗਾ।