ਕਾਹਿਰਾ, 24 ਮਾਰਚ : ਗਾਜ਼ਾ ਦੇ ਮੁੱਖ ਅਲ ਸ਼ਿਫਾ ਹਸਪਤਾਲ ਦੇ ਆਲੇ-ਦੁਆਲੇ ਸ਼ਨੀਵਾਰ ਨੂੰ ਲੜਾਈ ਤੇਜ਼ ਹੋ ਗਈ। ਇਜ਼ਰਾਈਲ ਨੇ ਕਿਹਾ ਕਿ ਹਸਪਤਾਲ 'ਤੇ ਹਮਲੇ 'ਚ ਹੁਣ ਤੱਕ 170 ਤੋਂ ਵੱਧ ਅੱਤਵਾਦੀ ਮਾਰੇ ਜਾ ਚੁੱਕੇ ਹਨ। ਫਲਸਤੀਨੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਪੰਜ ਮਰੀਜ਼ਾਂ ਦੀ ਵੀ ਮੌਤ ਹੋ ਗਈ ਹੈ। ਹੋਰ ਜ਼ਖਮੀਆਂ ਦੀ ਹਾਲਤ ਵਿਗੜ ਰਹੀ ਹੈ। ਇਜ਼ਰਾਇਲੀ ਫੌਜ ਦੇ ਹਮਲੇ 'ਚ ਹੁਣ ਤੱਕ 32,142 ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ 74,412 ਜ਼ਖਮੀ ਹੋਏ ਹਨ। ਹਮਾਸ ਨੇ ਕਿਹਾ ਕਿ ਉਸ ਦੇ ਲੜਾਕੇ ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਦੇ ਬਾਹਰ ਅਤੇ ਆਲੇ-ਦੁਆਲੇ ਲੜ ਰਹੇ ਸਨ। ਹਮਾਸ ਨੇ ਹਸਪਤਾਲ ਦੇ ਅੰਦਰ ਮੌਜੂਦਗੀ ਤੋਂ ਇਨਕਾਰ ਕੀਤਾ ਹੈ। ਹਮਾਸ ਨੇ ਦੋਸ਼ ਲਾਇਆ ਕਿ ਸ਼ਨੀਵਾਰ ਨੂੰ ਗਾਜ਼ਾ ਦੇ ਕੁਵੈਤ ਚੌਰਾਹੇ 'ਤੇ ਕਈ ਫਲਸਤੀਨੀ ਮਾਰੇ ਗਏ ਸਨ ਜਦੋਂ ਉਹ ਰਾਹਤ ਸਮੱਗਰੀ ਲੈ ਕੇ ਜਾ ਰਹੇ ਟਰੱਕਾਂ ਦੀ ਉਡੀਕ ਕਰ ਰਹੇ ਸਨ। ਹਮਾਸ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ। ਇਜ਼ਰਾਈਲੀ ਸੈਨਿਕਾਂ ਨੇ ਸੋਮਵਾਰ ਸਵੇਰੇ ਅਲ ਸ਼ਿਫਾ 'ਤੇ ਹਮਲਾ ਕੀਤਾ ਅਤੇ ਕੰਪਲੈਕਸ ਦੀ ਤਲਾਸ਼ੀ ਲਈ। ਫ਼ੌਜ ਦਾ ਕਹਿਣਾ ਹੈ ਕਿ ਇਹ ਹਮਾਸ ਅਤੇ ਹੋਰ ਫਲਸਤੀਨੀ ਲੜਾਕਿਆਂ ਲਈ ਬੇਸ ਵਜੋਂ ਵਰਤੇ ਜਾਣ ਵਾਲੇ ਸੁਰੰਗ ਨੈਟਵਰਕ ਨਾਲ ਜੁੜਿਆ ਹੋਇਆ ਹੈ। ਆਸਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਜ਼ਰਾਈਲੀ ਬਲਾਂ ਨੇ ਹਸਪਤਾਲ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਦਰਜਨਾਂ ਘਰਾਂ ਅਤੇ ਅਪਾਰਟਮੈਂਟਾਂ ਨੂੰ ਨਿਸ਼ਾਨਾ ਬਣਾਇਆ। ਨੇੜਲੇ ਨਿੱਜੀ ਮੈਡੀਕਲ ਸੈਂਟਰ ਅਲ-ਹਾਲੋ ਹਸਪਤਾਲ 'ਤੇ ਵੀ ਹਮਲਾ ਕੀਤਾ ਗਿਆ।