ਲਾਹੌਰ, 22 ਅਗਸਤ 2024 : ਮੌਨਸੂਨ ਦੀ ਭਾਰੀ ਬਾਰਿਸ਼ ਨੇ ਉੱਤਰ-ਪੱਛਮੀ ਪਾਕਿਸਤਾਨ ਵਿੱਚ ਤਬਾਹੀ ਮਚਾਈ ਹੈ। ਮੀਂਹ ਕਾਰਨ ਰਾਤ ਭਰ ਦੋ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਦੇ ਅਧਿਕਾਰੀਆਂ ਨੇ ਦੱਸਿਆ ਕਿ ਖ਼ੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖ਼ਾਨ, ਬੰਨੂ, ਮਾਨਸੇਹਰਾ ਤੇ ਮੋਹਮੰਦ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਬੰਨੂੰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਦੋ ਭੈਣਾਂ ਦੀ ਮੌਤ ਹੋ ਗਈ। ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਵਿੱਚ ਛੱਤ ਡਿੱਗਣ ਕਾਰਨ ਇੱਕ ਮਾਂ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਮੌਤ ਹੋ ਗਈ। ਪਹਾੜਪੁਰ ਤਹਿਸੀਲ 'ਚ ਇਕ ਲੜਕੀ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਈ। ਮੋਹਮੰਦ ਜ਼ਿਲ੍ਹੇ 'ਚ ਮੀਂਹ ਕਾਰਨ ਇਕ ਔਰਤ ਦੀ ਮੌਤ ਹੋ ਗਈ, ਜਦਕਿ ਮਾਨਸੇਹਰਾ 'ਚ ਦੋ ਮੌਤਾਂ ਦੀ ਖਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਨੇ ਸੂਬੇ ਵਿੱਚ ਖੜ੍ਹੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ 'ਚ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 215 ਤੱਕ ਪਹੁੰਚ ਗਈ ਹੈ। ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਪੂਰਬੀ ਪੰਜਾਬ ਰਿਹਾ ਹੈ, ਜਿੱਥੇ 86 ਲੋਕਾਂ ਦੀ ਮੌਤ ਹੋ ਗਈ ਹੈ।