ਕਲੋਨਾ (ਕਨੇਡਾ), 08 ਫਰਵਰੀ ( ਬਲਜਿੰਦਰ ਭਨੋਹੜ) : ਵਿਸ਼ਵ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਬੜੇ ਫ਼ਖ਼ਰ ਵਾਲੀ ਗੱਲ ਹੈ ਕਿ ਵਿਨੀਪੈੱਗ, ਮੈਨੀਟੋਬਾ (ਕਨੇਡਾ) ਦੀ ਜੰਮਪਲ ਪੰਜਾਬਣ ਮਾਣਮੱਤੀ ਕੁੜੀ ਦਿਲਪ੍ਰੀਤ ਕੌਰ ਭੱਠਲ ਮਿਤੀ 16 ਫਰਵਰੀ 2023 ਨੂੰ “ਕਨੇਡਾ ਦੇ ਅਲਟੀਮੇਟ ਚੈਲੇਂਜ਼” ਸ਼ੋਅ ਲਈ ਚੁਣੀ ਗਈ ਹੈ। ਖਿਡਾਰੀਆਂ ਦੇ ਖ਼ਾਨਦਾਨ ਵਿੱਚ ਜਨਮੀ ਦਿਲਪ੍ਰੀਤ ਭੱਠਲ ਨੇ ਆਪਣੇ ਸਕੂਲੀ ਜੀਵਨ ਸਮੇਂ ਵਿਨੀਪੈੱਗ ਮੇਪਲਜ਼ ਹਾਈ ਸਕੂਲ ਦੀ ਲਗਾਤਾਰ ਤਿੰਨ ਸਾਲ ਬੈਸਟ ਅਥਲੀਟ ਬਣਕੇ ਇਹ ਮਾਣ ਪਹਿਲੀ ਪੰਜਾਬਣ ਦੇ ਨਾਉਂ ਕੀਤਾ । ਸੂਬਾ ਪੱਧਰੀ ਫਿੱਟਨੈੱਸ ਮੁਕਾਬਲਿਆਂ ਵਿੱਚ ਮੈਨੀਟੋਬਾ ਓਵਰਆਲ ਚੈਂਪੀਅਨਸ਼ਿਪ ਅਤੇ ਕਨੇਡਾ ਦੇ ਨੈਸ਼ਨਲ ਪੱਧਰ ਦੇ ਸਾਰੇ ਦੇ ਸਾਰੇ ਮੁਕਾਬਲਿਆਂ ਵਿੱਚ ‘ਉੱਪ ਵਿਜੇਤਾ’ ਦਾ ਖਿਤਾਬ ਆਪਣੇ ਨਾਉਂ ਕਰਕੇ ਰਿੱਕ ਮੀਲ ਪੱਥਰ ਸਥਾਪਿਤ ਕਰ ਦਿੱਤਾ ਜੋ ਕਿਸੇ ਪੰਜਾਬਣ ਦੀ ਪਹਿਲੀ ਇੱਕੋ-ਇੱਕ ਪ੍ਰਾਪਤੀ ਸੀ । ਦਿਲਪ੍ਰੀਤ ਭੱਠਲ ਪੂਰੇ ਭਾਰਤੀ ਅਤੇ ਪੰਜਾਬੀ ਸਮਾਜ ਵਿੱਚ ਖੇਡ੍ਹਾਂ ਦੀ ਜਵਾਲਾ ਨੂੰ ਪ੍ਰਭਲ ਕਰਨ ਵਾਲੀ ਮਾਣਮੱਤੀ ਧੀ ਹੈ ਜਿਸਨੇ ਸਮੁੱਚੀ ਯੁਵਾ ਪੀੜ੍ਹੀ ਨੂੰ ਖੇਡ੍ਹਾਂ ਦੀ ਜਿੰਦਗੀ ਵਿੱਚ ਅਹਿਮੀਅਤ ਵਾਰੇ ਨਵੇਂ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ ਹੈ । ਦਿਲਪ੍ਰੀਤ ਨੇ ਫਿੱਟਨੈੱਸ ਦੀ ਖੇਡ੍ਹ ਦੁਨੀਆਂ ਵਿੱਚ ਨਾਮਣਾ ਖੱਟਕੇ ਇਹ ਸਾਬਤ ਕਰ ਦਿੱਤਾ ਹੈ ਕਿ ਔਰਤ ਵਰਗ ਨੂੰ ਝੂਠੇ ਸਮਾਜਿਕ ਤਾਣੇ-ਬਾਣੇ ਨੂੰ ਉਲਾਂਘ ਕੇ ਖੇਡ੍ਹਾਂ ਦਾ ਹਿੱਸਾ ਬਣਦਿਆਂ ਇੱਕ ਤੰਦਰੁਸਤ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । “ਲਿਟਲ ਟੈਂਕ” ਫਿੱਟਨੈੱਸ ਦੀ ਨਿਰਮਾਤਾ ਦਿਲਪ੍ਰੀਤ ਭੱਠਲ ਬੜੇ ਦ੍ਰਿੜ ਇਰਾਦੇ ਪ੍ਰਗਟ ਕਰਦੀ ਹੋਈ ਕਹਿੰਦੀ ਹੈ ਕਿ ਮੈਂ ਰਿਸ “ਕਨੇਡਾ ਦੇ ਅਲਟੀਮੇਟ ਚੈਲੇਂਜ਼” ਸ਼ੋਅ ਵਿੱਚ ਆਪਣੀ ‘ਰੈੱਡ ਟੀਮ’ ਦੀ ਜਿੱਤ ਲਈ ਪੂਰਾ ਤਾਣ ਲਗਾ ਦਿਆਂਗੀ ਅਤੇ ਕਦੇ ਪਿੱਛੇ ਨਹੀਂ ਹਟਾਂਗੀ । ਇਨਸਾਈਟ ਪ੍ਰੋਡਕਸ਼ਨਜ (ਬੋਟ ਰੌਕਰ ਕੰਪਨੀ) ਅਤੇ ਗੁਰੀਨ ਕੰਪਨੀ ਵੱਲੋਂ ਨਿਰਮਾਣ “ਕਨੇਡਾ ਅਲਟੀਮੇਟ ਚੈਲੇਂਜ਼” ਸ਼ੋਅ ਪ੍ਰੀਮੀਅਰਜ਼ ਦਾ ਪ੍ਰਸਾਰਣ 16, ਫਰਵਰੀ 2023 ਨੂੰ ਸੀ ਬੀ ਸੀ ਕਨੇਡਾ ਉੱਤੇ ਹੋ ਰਿਹਾ ਹੈ । ਹਫਤੇ ਦੇ ਹਰ ਵੀਰਵਾਰ ਨੂੰ ਈਸਟਰਨ ਟਾਈਮ ਸ਼ਾਮ 8 ਵਜੇ ਅਤੇ ਪੈਸੇਫਿਕ ਟਾਈਮ ਸ਼ਾਮ 5 ਵਜੇ ਪ੍ਰਸਾਰਿਤ ਹੋਵੇਗਾ । ਇਹ ਮਨੋਰੰਜਕ ਸ਼ੋਅ 8 ਕਿਸ਼ਤਾਂ ਵਿੱਚ ਦਿਖਾਇਆ ਜਾਵੇਗਾ । ਇਹ ਇੱਕ ਵੱਡਾ ਮੁਸ਼ਕਲਾਂ ਭਰਪੂਰ ਸ਼ੋਅ ਕਨੇਡਾ ਦੇ ਵੱਖ-ਵੱਖ ਇਲਾਕਿਆਂ ਵਿੱਚ ਫਿਲਮਾਇਆ ਗਿਆ ਹੈ ਜਿਸ ਵਿੱਚ ਚਾਰ-ਚਾਰ ਖਿਡਾਰੀਆਂ ਦੀਆਂ 6 ਟੀਮਾਂ ਨੂੰ ਕਨੇਡਾ ਦੇ ਮੰਨੇ-ਪ੍ਰਮੰਨੇ ਸੰਸਾਰ ਪੱਧਰ ਦੇ ਖਿਡਾਰੀਆਂ ਵੱਲੋਂ ਕੋਚ ਕੀਤਾ ਗਿਆ ਹੈ , ਜਿਸਨੇ ਇਸ ਚੈਲੇਂਜ਼ ਸ਼ੋਅ ਨੂੰ ਹੋਰ ਵੀ ਰੌਚਿਕ ਬਣਾ ਦਿੱਤਾ ਹੈ । ਇਹਨਾਂ ਖਾਸ ਕੋਚਾਂ ਵਿੱਚ ਦੋ ਵਾਰ ਉਲੰਪਿਕ ਚੈਂਪੀਅਨ ਅਤੇ ਸੰਸਾਰ ਵਿਜੇਤਾ ਦੌੜਾਕ ਡੋਨਾਵਨ ਬੇਲੀ , ਮੋਹਾਕ ਉਲੰਪੀਅਨ (ਵਾਟਰ ਪੋਲੋ) ਅਤੇ ਕਨੇਡਾ ਦੇ ਮੂਲ ਵਸਿੰਦਿਆਂ ਦੀਆਂ ਖੇਡ੍ਹਾਂ ਨੂੰ ਉੱਚੇ ਪੱਧਰ ਤੱਕ ਲੈ ਕੇ ਜਾਣ ਵਾਲੀ ਵਾਨੀਕ ਹੌਰਨ ਮਿਲਰ, ਸਾਈਕਲਿੰਗ ਅਤੇ ਸਪੀਡ ਸਕੇਟਿੰਗ ਵਿੱਚ ਉਲੰਪਿਕ ਖੇਡ੍ਹਾਂ ਦੀ ਛੇ ਵਾਰ ਤਮਗਾ ਜੇਤੂ ਕਲਾਗ ਹਿਊਗਜ਼, ਉਲੰਪਿਕ ਖੇਡ੍ਹਾਂ ਵਿੱਚ ਕਾਂਸੀ ਤਮਗਾ ਜੇਤੂ ਰਗਬੀ ਟੀਮ ਕਪਤਾਨ ਜੈਨ ਕਿਸ਼, ਉਲੰਪੀਅਨ ਸਪੀਰ ਸਕੇਟਰ ਗਿਲਮੋਰ ਜੂਨੀਓ, ਐੱਨ ਐੱਫ ਐੱਲ ਸੁਪਰ ਬਾਲ ਚੈਂਪੀਅਨ ਅਤੇ ਸੰਸਾਰ ਪੱਧਰ ਦੇ ਸਾਈਕਲਿਸਟ ਲਿਊਕ ਵਿਲਸਨ ਹਨ । ਆਉ ਸਾਰੇ ਰਲ-ਮਿਲਕੇ ਇਸ ਸ਼ੋਅ ਦਾ ਆਨੰਦ ਮਾਣੀਏ ਅਤੇ ਆਪਣੇ ਬੱਚਿਆਂ ਨੂੰ ਖੇਡ੍ਹਾਂ ਵੱਲ ਪ੍ਰੇਰਿਤ ਕਰੀਏ ।