ਲੰਡਨ, 15 ਫਰਵਰੀ : ਬ੍ਰਿਟੇਨ ਦੀ ਨਵੀਂ ਮਹਾਰਾਣੀ ਅਤੇ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਤਾਜਪੋਸ਼ੀ ਦੌਰਾਨ ਮਹਾਰਾਣੀ ਐਲਿਜ਼ਾਬੈਥ ਦਾ ਕੋਹਿਨੂਰ ਨਾਲ ਜੜਿਆ ਤਾਜ ਨਹੀਂ ਪਹਿਨੇਗੀ। ਲੰਡਨ ਦੇ ਬਕਿੰਘਮ ਪੈਲੇਸ ਨੇ ਇਹ ਐਲਾਨ ਕੀਤਾ ਹੈ। ਬੀਬੀਸੀ ਮੁਤਾਬਕ ਸ਼ਾਹੀ ਪਰਿਵਾਰ ਨੇ ਇਹ ਫੈਸਲਾ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ ਕਿ ਭਾਰਤ ਨਾਲ ਰਿਸ਼ਤੇ ਨਾ ਵਿਗੜਨ। ਇਸ ਫੈਸਲੇ ਤੋਂ ਬਾਅਦ ਕੈਮਿਲਾ ਲਈ ਰਾਣੀ ਮੈਰੀ ਦਾ 100 ਸਾਲ ਪੁਰਾਣਾ ਤਾਜ ਤਿਆਰ ਕੀਤਾ ਜਾ ਰਿਹਾ ਹੈ। ਕੈਮਿਲਾ ਨੂੰ ਅਧਿਕਾਰਤ ਤੌਰ 'ਤੇ ਮਹਾਰਾਣੀ ਦਾ ਦਰਜਾ ਦੇਣ ਲਈ 6 ਮਈ ਨੂੰ ਕਵੀਨ ਕੰਸੋਰਟ ਕਰਵਾਇਆ ਜਾ ਰਿਹਾ ਹੈ, ਇਸ ਦੌਰਾਨ ਉਹ ਨਵਾਂ ਤਾਜ ਪਹਿਨੇਗੀ। ਰਿਪੋਰਟਾਂ ਅਨੁਸਾਰ ਸ਼ਾਹੀ ਪਰਿਵਾਰ ਨੇ ਕਵੀਨ ਮੈਰੀ ਦੇ ਤਾਜ ਨੂੰ ਕੈਮਿਲਾ ਦੇ ਸਿਰ ਅਨੁਸਾਰ ਆਕਾਰ ਦੇਣ ਲਈ ਭੇਜ ਦਿੱਤਾ ਹੈ। ਦੱਸ ਦੇਈਏ ਕਿ ਮਹਾਰਾਣੀ ਐਲਿਜ਼ਾਬੈਥ II ਨੇ ਘੋਸ਼ਣਾ ਕੀਤੀ ਸੀ ਕਿ ਕੈਮਿਲਾ ਨੂੰ ਰਾਣੀ ਕੰਸੋਰਟ ਵਜੋਂ ਜਾਣਿਆ ਜਾਵੇਗਾ। 75 ਸਾਲਾ ਕੈਮਿਲਾ ਡਚੇਸ ਆਫ ਕੋਰਨਵਾਲ ਹੈ। ਉਹ ਰਾਜਾ ਚਾਰਲਸ ਦੀ ਦੂਜੀ ਪਤਨੀ ਹੈ। ਚਾਰਲਸ ਨੇ ਰਾਜਕੁਮਾਰੀ ਡਾਇਨਾ ਦੀ ਮੌਤ ਤੋਂ ਬਾਅਦ ਕੈਮਿਲਾ ਨਾਲ ਵਿਆਹ ਕਰਵਾ ਲਿਆ। ਤਾਜਪੋਸ਼ੀ ਤੋਂ ਬਾਅਦ ਕੈਮਿਲਾ ਕੋਲ ਕਿਸੇ ਕਿਸਮ ਦੀ ਕੋਈ ਸੰਵਿਧਾਨਕ ਸ਼ਕਤੀ ਨਹੀਂ ਹੋਵੇਗੀ। ਹਾਲਾਂਕਿ ਉਸ ਦਾ ਖਿਤਾਬ ਬ੍ਰਿਟੇਨ ਦੀ ਮਹਾਰਾਣੀ ਦਾ ਹੀ ਰਹੇਗਾ।ਬ੍ਰਿਟੇਨ ਦੇ ਇਤਿਹਾਸ 'ਚ ਪਹਿਲੀ ਵਾਰ ਸ਼ਾਹੀ ਤਾਜ ਯਾਨੀ ਇੰਪੀਰੀਅਲ ਸਟੇਟ ਕਰਾਊਨ ਦੀ ਥਾਂ 'ਤੇ ਕੁਝ ਬਦਲਾਅ ਦੇ ਨਾਲ ਪੁਰਾਣੇ ਤਾਜ ਦੀ ਵਰਤੋਂ ਕੀਤੀ ਜਾਵੇਗੀ। ਮਹਾਰਾਣੀ ਐਲਿਜ਼ਾਬੈਥ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੇ ਕੁਲੀਨਨ III, IV ਅਤੇ V ਹੀਰੇ ਤਾਜ ਵਿਚ ਸ਼ਾਮਲ ਕੀਤੇ ਜਾਣਗੇ। ਇਹ ਤਾਜ 100 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਇਸ ਨੂੰ ਪਹਿਲੀ ਵਾਰ 1911 ਵਿਚ ਮਹਾਰਾਣੀ ਮੈਰੀ ਨੇ ਪਹਿਨਿਆ ਸੀ। ਜ਼ਿਕਰਯੋਗ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਉਸ ਦੇ ਵੱਡੇ ਪੁੱਤਰ ਚਾਰਲਸ ਨੂੰ ਰਾਜਾ ਘੋਸ਼ਿਤ ਕੀਤਾ ਗਿਆ ਸੀ। ਉਸ ਦੀ ਪਤਨੀ ਕੈਮਿਲਾ ਨੂੰ ਰਾਣੀ ਐਲਾਨਿਆ ਗਿਆ ਹੈ। ਕੈਮਿਲਾ ਨੂੰ ਹੁਣ ਅਧਿਕਾਰਤ ਤੌਰ 'ਤੇ 6 ਮਈ ਨੂੰ ਇਕ ਸਮਾਰੋਹ ਵਿਚ ਮਹਾਰਾਣੀ ਦਾ ਤਾਜ ਪਹਿਨਾਇਆ ਜਾਵੇਗਾ। ਕੋਹਿਨੂਰ ਹੀਰਾ ਭਾਰਤ ਦਾ ਹੈ ਜਿਸ ਨੂੰ ਬਸਤੀਵਾਦੀ ਕਾਲ ਦੌਰਾਨ ਈਸਟ ਇੰਡੀਆ ਕੰਪਨੀ ਨੇ ਭਾਰਤ ਤੋਂ ਲੁੱਟ ਲਿਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ। ਭਾਰਤ ਵਿਚ ਕਈ ਵਾਰ ਕੋਹਿਨੂਰ ਹੀਰਾ ਵਾਪਸ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ।