ਮਿਸੀਸਾਗਾ, 15 ਫਰਵਰੀ : ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਪ੍ਰਮੁੱਖ ਹਿੰਦੂ ਮੰਦਰ ਦੀਆਂ ਦੀਵਾਰਾਂ 'ਤੇ ਕਥਿਤ ਤੌਰ 'ਤੇ ਖਾਲਿਸਤਾਨ ਪੱਖੀ ਅਨਸਰਾਂ ਵੱਲੋਂ ਭਾਰਤ ਵਿਰੋਧੀ ਨਾਅਰੇ ਲਿਖ ਕੇ ਉਸ ਦੀ ਦਿੱਖ ਨੂੰ ਵਿਗਾੜਿਆ ਗਿਆ। ਇਹ ਇਸੇ ਸਾਲ 'ਚ ਵਾਪਰੀ ਅਜਿਹੀ ਦੂਜੀ ਘਟਨਾ ਹੈ। ਮਿਸੀਸਾਗਾ ਵਿੱਚ ਸਥਿਤ ਰਾਮ ਮੰਦਰ ਵਿਖੇ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਭਾਰਤੀ ਕੌਂਸਲੇਟ ਜਨਰਲ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਟਵੀਟ ਵਿੱਚ ਕਿਹਾ, "ਅਸੀਂ ਮਿਸੀਸਾਗਾ ਵਿੱਚ ਰਾਮ ਮੰਦਿਰ 'ਤੇ ਭਾਰਤ-ਵਿਰੋਧੀ ਨਾਅਰੇ ਲਿਖ ਕੇ ਇਸ ਦਾ ਰੂਪ ਵਿਗਾੜਨ ਦੀ ਹਰਕਤ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਅਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ 'ਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।" ਇਸ ਘਟਨਾ ਤੋਂ ਬਾਅਦ ਕੈਨੇਡਾ 'ਚ ਭਾਰਤੀ ਭਾਈਚਾਰੇ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਪਾਬੰਦੀਸ਼ੁਦਾ ਸੰਗਠਨ ਸਿੱਖਸ ਫ਼ਾਰ ਜਸਟਿਸ ਨੇ ਇਸ ਹਰਕਤ ਨੂੰ ਅੰਜਾਮ ਦੇਣ ਦਾ ਦਾਅਵਾ ਕੀਤਾ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ 'ਨਫ਼ਰਤ ਤੋਂ ਪ੍ਰੇਰਿਤ' ਹੋ ਕੇ ਕੀਤੀ ਗਈ ਮੰਦਰ ਦੀ ਭੰਨਤੋੜ ਦੀ ਨਿਖੇਧੀ ਕੀਤੀ, ਅਤੇ ਐਲਾਨ ਕੀਤਾ ਕਿ ਇਸ ਖੇਤਰ ਵਿੱਚ ਅਜਿਹੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਪੈਟਰਿਕ ਨੇ ਇੱਕ ਟਵੀਟ 'ਚ ਲਿਖਿਆ, "ਮਿਸੀਸਾਗਾ ਵਿੱਚ ਰਾਮ ਮੰਦਰ ਮੰਦਿਰ ਦੀ ਨਫ਼ਰਤ ਤੋਂ ਪ੍ਰੇਰਿਤ ਹੋ ਕੇ ਕੀਤੀ ਗਈ ਭੰਨ-ਤੋੜ ਬਾਰੇ ਜਾਣ ਕੇ ਮੈਨੂੰ ਦੁੱਖ ਲੱਗਿਆ। ਅਣਪਛਾਤੇ ਸ਼ੱਕੀਆਂ ਨੇ ਮੰਦਰ ਦੇ ਪਿਛਲੇ ਪਾਸੇ ਦੀਵਾਰਾਂ 'ਤੇ ਸਪਰੇਅ ਪੇਂਟ ਕਰ ਦਿੱਤਾ। ਪੀਲ ਖੇਤਰ ਵਿੱਚ ਇਸ ਕਿਸਮ ਦੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ।" ਕੈਨੇਡਾ ਵਿੱਚ ਕਿਸੇ ਪੇਂਟ ਨਾਲ ਇਤਰਾਜ਼ਯੋਗ ਸ਼ਬਦਾਵਲੀ ਲਿਖ ਕੇ ਕਿਸੇ ਮੰਦਰ ਦੀ ਦਿੱਖ ਨੂੰ ਖ਼ਰਾਬ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ, ਕੈਨੇਡਾ ਵਿੱਚ ਬਰੈਂਪਟਨ ਵਿੱਚ ਗੌਰੀ ਸ਼ੰਕਰ ਮੰਦਰ ਵਿਖੇ ਵੀ ਅਜਿਹੀ ਹਰਕਤ ਕੀਤੀ ਗਈ ਸੀ। ਕੈਨੇਡਾ ਦੇ ਰਾਸ਼ਟਰੀ ਅੰਕੜਾ ਦਫ਼ਤਰ, ਸਟੈਟਿਸਟਿਕਸ ਕੈਨੇਡਾ ਨੇ 2019 ਤੋਂ 2021 ਦਰਮਿਆਨ ਕੈਨੇਡਾ ਵਿੱਚ ਧਰਮ, ਜਿਨਸੀ ਅਪਰਾਧ ਅਤੇ ਨਸਲੀ ਹਮਲਿਆਂ ਵਰਗੇ ਨਫ਼ਰਤੀ ਅਪਰਾਧਾਂ ਵਿੱਚ 72 ਫ਼ੀਸਦੀ ਵਾਧਾ ਦਰਜ ਕੀਤਾ ਹੈ।