ਸਾਨ ਫਰਾਂਸਿਸਕੋ, 22 ਫਰਵਰੀ : ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਪ੍ਰਾਇਮਰੀ ਚੋਣ ਦੇ ਨਾਲ-ਨਾਲ ਚੰਦਾ ਇਕੱਠਾ ਕਰਨ ਲਈ ਸਾਰੇ ਦਾਅਵੇਦਾਰਾਂ ਨੇ ਮੁਹਿੰਮ ਚਲਾਈ ਹੋਈ ਹੈ। ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਨਕੀ ਦੱਸਿਆ। ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਟਿੱਪਣੀ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ’ਚ ਉਨ੍ਹਾਂ ਨੇ ਖ਼ੁਦ ਦੀ ਤੁਲਨਾ ਰੂਸ ਦੇ ਵਿਰੋਧੀ ਧਿਰ ਦੇ ਆਗੂ ਨਵਲਨੀ ਨਾਲ ਕੀਤੀ ਸੀ। ਦੂਜੇ ਪਾਸੇ ਰਿਪਬਲਿਕਨ ਪਾਰਟੀ ’ਚ ਰਾਸ਼ਟਰਪਤੀ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਲ ਭਾਰਤਵੰਸ਼ੀ ਨਿਕੀ ਹੇਲੀ ਨੇ ਜਨਵਰੀ ’ਚ 1.15 ਕਰੋੜ ਡਾਲਰ ਚੰਦਾ ਇਕੱਠਾ ਕਰ ਕੇ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸੇ ਮਿਆਦ ਦੌਰਾਨ ਟਰੰਪ ਨੂੰ ਚੰਦੇ ’ਚ 88 ਲੱਖ ਡਾਲਰ ਹੀ ਮਿਲੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪੌਣ-ਪਾਣੀ ਤਬਦੀਲੀ ’ਤੇ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪੁਤਿਨ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਸਾਡੇ ਕੋਲ ਪੁਤਿਨ ਵਰਗੇ ਕਈ ਸਨਕੀ ਐੱਸਓਬੀ ਵੀ ਹਨ। ਅਸੀਂ ਹਮੇਸ਼ਾ ਪਰਮਾਣੂ ਸੰਘਰਸ਼ ਬਾਰੇ ਫ਼ਿਕਰਮੰਦ ਰਹਿੰਦੇ ਹਾਂ ਪਰ ਅੱਜ ਮਨੁੱਖਤਾ ਲਈ ਸਭ ਤੋਂ ਵੱਡੀ ਚੁਣੌਤੀ ਪੌਣ-ਪਾਣੀ ਤਬਦੀਲੀ ਹੈ। ਉਹ ਕੈਲੀਫੋਰਨੀਆ ’ਚ ਚੰਦਾ ਇਕੱਠਾ ਕਰਨ ਦੀ ਮੁਹਿੰਮ ਚਲਾ ਰਹੇ ਸਨ। ਇਸ ਤੋਂ ਪਹਿਲਾਂ ਟਰੰਪ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਉਹ ਰੂਸ ਦੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵਲਨੀ ਵਰਗੇ ਹਨ ਜਿਨ੍ਹਾਂ ਦੀ ਜੇਲ੍ਹ ’ਚ ਰਹੱਸਮਈ ਹਾਲਾਤ ’ਚ ਹਾਲ ਹੀ ’ਚ ਮੌਤ ਹੋ ਗਈ। ਟਰੰਪ ਨੇ ਕਿਹਾ ਸੀ ਕਿ ਉਹ ਵੀ ਨਵਲਨੀ ਵਾਂਗ ਸਤਾਏ ਜਾ ਰਹੇ ਹਨ। ਦੂਜੇ ਪਾਸੇ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਦੀ ਦੌੜ ’ਚ ਟਰੰਪ ਸਾਹਮਣੇ ਇੱਕੋ-ਇਕ ਦਾਅਵੇਦਾਰ ਬਚੀ ਹੇਲੀ ਨੇ ਕਿਹਾ ਕਿ ਉਹ ਸ਼ਨਿਚਰਵਾਰ ਨੂੰ ਹੋਣ ਵਾਲੇ ਦੱਖਣੀ ਕੈਰੋਲੀਨਾ ਦੀ ਪ੍ਰਾਇਮਰੀ ਚੋਣ ਤੋਂ ਬਾਅਦ ਵੀ ਟਰੰਪ ਸਾਹਮਣੇ ਡਟੀ ਰਹੇਗੀ।