ਅਮਰੀਕਾ, 20 ਫਰਵਰੀ : ਟਵਿੱਟਰ ਤੋਂ ਬਾਅਦ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਵੀ ਬਲੂ ਟਿੱਕ ਵੈਰੀਫਿਕੇਸ਼ਨ ਲਈ ਪੈਸੇ ਵਸੂਲਣਗੇ। ਮੇਟਾ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਸਬਸਕ੍ਰਿਪਸ਼ਨ ਸੇਵਾ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ। ਹਾਲੇ ਇਸਨੂੰ ਟ੍ਰਾਇਲ ਬੇਸਿਸ ‘ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਯੂਜ਼ਰਸ ਦੇ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਟੈਸਟ ਮਗਰੋਂ ਇਸਨੂੰ ਅਮਰੀਕਾ ਵਿੱਚ ਵੀ ਲਾਂਚ ਕੀਤਾ ਜਾਵੇਗਾ। ਜ਼ੁਕਰਬਰਗ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਇਸ ਹਫਤੇ ਅਸੀਂ ਮੇਟਾ ਵੈਰੀਫਾਈਡ ਸਰਵਿਸ ਲਾਂਚ ਕਰ ਰਹੇ ਹਾਂ । ਇਹ ਇੱਕ ਸਬਸਕ੍ਰਿਪਸ਼ਨ ਸਰਵਿਸ ਹੈ। ਇਸ ਵਿੱਚ ਸਰਕਾਰੀ ਪਛਾਣ ਪੱਤਰ ਰਾਹੀਂ ਤੁਹਾਨੂੰ ਬਲੂ ਟਿੱਕ ਮਿਲ ਜਾਵੇਗ। ਇਸ ਨਾਲ ਅਕਾਊਂਟ ਨੂੰ ਐਕਸਟ੍ਰਾ ਪ੍ਰੋਟੈਕਸ਼ਨ ਮਿਲ ਸਕੇਗੀ। ਇਸ ਦੇ ਇਲਾਵਾ ਵੀ ਕਈ ਐਕਸਟ੍ਰਾ ਫੀਚਰਜ਼ ਯੂਜ਼ਰਸ ਨੂੰ ਦਿੱਤੇ ਜਾਣਗੇ। ਇਹ ਨਵੀਂ ਸੇਵਾ ਪ੍ਰਮਾਣਿਕਤਾ ਅਤੇ ਸੁਰੱਖਿਆ ਨੂੰ ਵਧਾਉਣ ਲਈ ਹੈ। ਜ਼ੁਕਰਬਰਗ ਨੇ ਦੱਸਿਆ, ‘ਅਸੀਂ ਇਸ ਹਫਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਇਹ ਸਰਵਿਸ ਸ਼ੁਰੂ ਕਰਾਂਗੇ। ਇਸ ਤੋਂ ਬਾਅਦ ਜਲਦੀ ਹੀ ਦੂਜੇ ਦੇਸ਼ਾਂ ਵਿੱਚ ਵੀ ਰੋਲ ਆਊਟ ਕਰਨਗੇ । ਇਸ ਦੇ ਲਈ ਯੂਜ਼ਰ ਨੂੰ ਵੈੱਬ ਲਈ ਹਰ ਮਹੀਨੇ 11.99 ਡਾਲਰ ਪ੍ਰਤੀ ਮਹੀਨਾ ਯਾਨੀ ਲਗਭਗ 1000 ਰੁਪਏ ਅਤੇ iOS ਯੂਜ਼ਰਸ ਲਈ 14.99 ਡਾਲਰ ਯਾਨੀ 1,200 ਰੁਪਏ ਤੋਂ ਜ਼ਿਆਦਾ ਦੇਣੇ ਹੋਣਗੇ। ਭਾਰਤ ਵਿੱਚ ਇਹ ਸਰਵਿਸ ਕਦੋਂ ਲਾਗੂ ਹੋਵੇਗੀ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ ਮੇਟਾ ਦੇ ਅਨੁਸਾਰ ਬਲੂ ਟਿੱਕ ਉਦੋਂ ਆਉਂਦਾ ਹੈ, ਜਦੋਂ ਮੇਟਾ ਪੂਰੀ ਵੈਰੀਫਿਕੇਸ਼ਨ ਕਰ ਲੈਂਦਾ ਹੈ ਕਿ ਕੋਈ ਵੀ ਅਕਾਊਂਟ ਜਾਂ ਪੇਜ ਕਿਸੇ ਵੱਡੇ ਜਾਂ ਮਸ਼ਹੂਰ ਵਿਅਕਤੀ ਦਾ ਹੈ। ਮੇਟਾ ਇਨ੍ਹਾਂ ਅਕਾਊਂਟਸ ਨੂੰ ਪ੍ਰਮਾਣਿਤ ਕਰਦਾ ਹੈ ਤੇ ਲੋਕਾਂ ਨੂੰ ਇਸ ਨੂੰ ਲੱਭਣ ਵਿੱਚ ਆਸਾਨੀ ਹੁੰਦੀ ਹੈ।