ਲਾਗੋਸ, 10 ਮਾਰਚ : ਨਾਈਜੀਰੀਆ ਦੇ ਲਾਗੋਸ ਵਿੱਚ ਇੱਕ ਬੱਸ ਅਤੇ ਟਰੇਨ ਵਿੱਚ ਹੋਈ ਭਿਆਨਕ ਟੱਕਰ ‘ਚ 8 ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਐਮਰਜੈਂਸੀ ਰਿਸਪਾਂਸ ਏਜੰਸੀ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੈ। ਜਾਣਕਾਰੀ ਅਨੁਸਾਰ ਇਸੋਲੋ ਤੋਂ ਅਲੌਸਾ ਜਾ ਰਹੀ ਬੱਸ ਨੰਬਰ 33 ਨੇ ਸ਼ੋਗੁਨਲੇ ਵਿੱਚ ਪੀਡਬਲਯੂਡੀ ਰੇਲ ਕਰਾਸਿੰਗ 'ਤੇ ਗਲਤ ਮੋੜ ਲਿਆ ਅਤੇ ਇੱਕ ਆ ਰਹੀ ਰੇਲਗੱਡੀ ਨਾਲ ਟਕਰਾ ਗਈ। ਹਾਦਸੇ ਮੌਕੇ ਬੱਸ ਵਿਚ ਕਰੀਬ 84 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਸਰਕਾਰੀ ਕਰਮਚਾਰੀ ਸਨ। ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਛੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ 42 ਵਿਅਕਤੀ ਮਾਮੂਲੀ ਜ਼ਖਮੀ ਹੋਏ ਹਨ, 29 ਨੂੰ ਗੰਭੀਰ ਸੱਟਾਂ ਲੱਗਿਆਂ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਮੱਦੇਨਜ਼ਰ ਇਥੇ ਅੱਜ ਅੱਧਾ ਦਿਨ ਹੀ ਕੰਮ ਹੋਵੇਗਾ ਤਾਂ ਜੋ ਸਾਂਝੇ ਤੌਰ 'ਤੇ ਆਪਣੇ ਸਟਾਫ਼, ਆਪਣੇ ਅਜ਼ੀਜ਼ਾਂ ਦਾ ਸੋਗ ਮਨਾ ਸਕੀਏ ਅਤੇ ਮ੍ਰਿਤਕਾਂ ਨੂੰ ਦਫ਼ਨਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਗਲੇ ਤਿੰਨ ਦਿਨਾਂ ਲਈ ਝੰਡੇ ਵੀ ਅੱਧੇ ਝੁਕੇ ਰਹਿਣਗੇ।