ਖੈਬਰ ਪਖਤੂਨਖਵਾ, 30 ਦਸੰਬਰ 2024 : ਅਫ਼ਗਾਨਿਸਤਾਨ 'ਚ ਪਾਕਿਸਤਾਨ ਵਲੋਂ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਹੈ। ਸਰਹੱਦ 'ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਤਾਇਨਾਤ ਹਨ। ਇਸ ਦੇ ਨਾਲ ਹੀ ਡਾਨ ਦੀ ਰਿਪੋਰਟ 'ਚ ਸੁਰੱਖਿਆ ਅਧਿਕਾਰੀਆਂ ਮੁਤਾਬਕ ਅਫ਼ਗਾਨਿਸਤਾਨ 'ਚ ਜਾਰੀ ਸਰਹੱਦੀ ਝੜਪਾਂ ਦੌਰਾਨ ਘੱਟੋ-ਘੱਟ 8 ਲੋਕ ਮਾਰੇ ਗਏ ਹਨ ਅਤੇ 13 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚ ਨਾਗਰਿਕ ਵੀ ਸ਼ਾਮਲ ਹਨ। ਇਹ ਝੜਪਾਂ ਸ਼ਨੀਵਾਰ ਦੇਰ ਰਾਤ ਤੱਕ ਜਾਰੀ ਰਹੀਆਂ। ਇਸ ਹਫ਼ਤੇ ਦੇ ਸ਼ੁਰੂ ਵਿਚ, ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਅਫ਼ਗਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ ਵਿਚ ਗੈਰਕਾਨੂੰਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਕਥਿਤ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਤਣਾਅ ਵਧ ਗਿਆ ਸੀ, ਜਿਸ ਨਾਲ ਭਿਆਨਕ ਗੋਲ਼ੀਬਾਰੀ ਹੋਈ ਸੀ। ਜ਼ਿਕਰਯੋਗ ਹੈ ਕਿ ਇਹ ਝੜਪਾਂ ਅਫ਼ਗਾਨ ਪਾਸਿਓਂ ਅੱਤਵਾਦੀਆਂ ਵਲੋਂ ਪਾਕਿਸਤਾਨ 'ਚ ਘੁਸਪੈਠ ਕਰਨ ਦੀ ਅਸਫ਼ਲ ਕੋਸ਼ਿਸ਼ ਤੋਂ ਬਾਅਦ ਸ਼ੁਰੂ ਹੋਈਆਂ, ਜਿਸ ਕਾਰਨ ਸ਼ਨੀਵਾਰ ਨੂੰ ਫਿਰ ਤੋਂ ਲੜਾਈ ਸ਼ੁਰੂ ਹੋ ਗਈ। ਨਵੀਂ ਹਿੰਸਾ ਵਿੱਚ ਫਰੰਟੀਅਰ ਕੋਰ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 11 ਹੋਰ ਜ਼ਖ਼ਮੀ ਹੋ ਗਏ। ਸੁਰੱਖਿਆ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਅੱਤਵਾਦੀਆਂ ਨੇ ਸ਼ੁੱਕਰਵਾਰ ਰਾਤ ਨੂੰ ਸਰਹੱਦ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਘੁਸਪੈਠ ਦੀ ਅਸਫਲ ਕੋਸ਼ਿਸ਼ ਤੋਂ ਬਾਅਦ, ਅੱਤਵਾਦੀਆਂ ਨੇ ਅਫ਼ਗਾਨ ਫ਼ੌਜ ਨਾਲ ਮਿਲ ਕੇ ਸ਼ਨੀਵਾਰ ਸਵੇਰੇ ਪਾਕਿਸਤਾਨੀ ਟਿਕਾਣਿਆਂ 'ਤੇ ਹਲਕੇ ਅਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ। ਅਫ਼ਗਾਨ ਫ਼ੌਜ ਨੇ ਅੱਤਵਾਦੀਆਂ ਨਾਲ ਮਿਲ ਕੇ ਘੋਜਗੜ੍ਹੀ, ਮਠਾ ਸੰਗਰ, ਕੋਟ ਰਾਘਾ ਅਤੇ ਤਾਰੀ ਮੈਂਗਲ ਸਮੇਤ ਕਈ ਪਾਕਿਸਤਾਨੀ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਇਹ ਝੜਪ ਸਾਰਾ ਦਿਨ ਚੱਲੀ। ਡਾਨ ਦੇ ਅਨੁਸਾਰ, ਸੂਤਰਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌ਼ਜ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਅਫ਼ਗਾਨ ਪੱਖ ਨੂੰ ਕਾਫੀ ਨੁਕਸਾਨ ਹੋਇਆ ਅਤੇ ਹਮਲਾਵਰਾਂ ਨੂੰ ਆਪਣੀਆਂ ਸਰਹੱਦੀ ਚੌਕੀਆਂ ਛੱਡਣ ਲਈ ਮਜਬੂਰ ਕੀਤਾ ਗਿਆ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪਿਛਲੇ ਹਫ਼ਤੇ ਇਸ ਮੁੱਦੇ ਨੂੰ ਸੰਬੋਧਿਤ ਕਰਦੇ ਹੋਏ ਅਫ਼ਗਾਨ ਸਰਕਾਰ ਨੂੰ ਟੀਟੀਪੀ ਖ਼ਿਲਾਫ਼ ਫੈਸਲਾਕੁੰਨ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਫ਼ਗਾਨਿਸਤਾਨ ਦੀ ਧਰਤੀ ਤੋਂ ਹਮਲੇ ਪਾਕਿਸਤਾਨ ਲਈ 'ਲਾਲ ਲਾਈਨ' ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਕਾਬੁਲ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਲਗਾਤਾਰ ਹਮਲਿਆਂ ਨਾਲ ਗੱਲਬਾਤ ਨਹੀਂ ਹੋ ਸਕਦੀ। ਡਾਨ ਦੀ ਰਿਪੋਰਟ ਮੁਤਾਬਕ ਹਵਾਈ ਹਮਲੇ ਦੇ ਉਸੇ ਦਿਨ, ਵਿਸ਼ੇਸ਼ ਪ੍ਰਤੀਨਿਧੀ ਮੁਹੰਮਦ ਸਦੀਕ ਦੀ ਅਗਵਾਈ ਵਿੱਚ ਇੱਕ ਪਾਕਿਸਤਾਨੀ ਵਫ਼ਦ ਨੇ ਇੱਕ ਸਾਲ ਦੇ ਵਕਫ਼ੇ ਤੋਂ ਬਾਅਦ ਕੂਟਨੀਤਕ ਗੱਲਬਾਤ ਮੁੜ ਸ਼ੁਰੂ ਕਰਨ ਲਈ ਕਾਬੁਲ ਵਿੱਚ ਅਫ਼ਗਾਨ ਨੇਤਾਵਾਂ ਨਾਲ ਮੁਲਾਕਾਤ ਕੀਤੀ। ਅਫ਼ਗਾਨਿਸਤਾਨ ਸਰਕਾਰ ਨੇ ਹਵਾਈ ਹਮਲਿਆਂ 'ਤੇ ਵਿਰੋਧ ਦਰਜ ਕਰਵਾਇਆ, ਦਾਅਵਾ ਕੀਤਾ ਕਿ ਘੱਟੋ-ਘੱਟ 46 ਨਾਗਰਿਕ, ਜ਼ਿਆਦਾਤਰ ਔਰਤਾਂ ਅਤੇ ਬੱਚੇ ਮਾਰੇ ਗਏ ਹਨ। ਇਹ ਹਮਲੇ ਦੱਖਣੀ ਵਜ਼ੀਰਿਸਤਾਨ ਵਿੱਚ ਪਿਛਲੇ ਹਫ਼ਤੇ ਹੋਏ ਹਮਲੇ ਤੋਂ ਬਾਅਦ ਹੋਏ ਹਨ, ਜਿਸ ਵਿੱਚ 16 ਪਾਕਿਸਤਾਨੀ ਸੈਨਿਕ ਸ਼ਹੀਦ ਹੋ ਗਏ ਸਨ।