ਟੋਰਾਟੋਂ, 21 ਮਾਰਚ : ਯਾਰਕ ਰੀਜਨ ਵਿੱਚ ਪੁਲਿਸ ਵੱਲੋਂ ਗ੍ਰੇਟਰ ਟੋਰਾਟੋਂ ਇਲਾਕੇ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ 2 ਭਾਰਤੀਆਂ ਸਮੇਤ 4 ਨੌਜਵਾਨਾਂ ਨੂੰ ਹਥਿਆਰਾਂ ਅਤੇ 40 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ। ਨੌਜਵਾਨਾਂ ਦੀ ਸ਼ਨਾਖਤ ਅਲੈਗਜ਼ੈਂਡਰ ਖਟੜਾ (27), ਰਾਘਵਨ ਰਵੀਂਦਰਨ (28), ਜੈਕ ਹੋਲਮੈਨ (22) ਅਤੇ ਦੇ ਨੋਆਹ ਬੌਜ਼ੋ (18) ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਗਰੇਟਰ ਟੋਰਾਂਟੋ ਏਰੀਆ ਵਿਚ ਕਈ ਥਾਵਾਂ ’ਤੇ ਛਾਪੇ ਮਾਰਦਿਆਂ ਇਹ ਸਫਲਤਾ ਹੱਥ ਲੱਗੀ। ਫੜੇ ਗਏ ਨਸ਼ਿਆਂ ਵਿਚੋਂ 2 ਕਿਲੋ ਕੋਕੀਨ, 34 ਕਿਲੋ ਭੰਗ, 263 ਗ੍ਰਾਮ ਐਮ.ਡੀ.ਐਮ.ਏ. ਅਤੇ 900 ਐਮ.ਐਲ. ਕੋਡੀਨ ਸ਼ਾਮਲ ਹੈ ਜਦਕਿ ਇਕ ਭਰੀ ਹੋਈ ਹੈਂਡਗੰਨ ਕਈ ਕਾਰਤੂਸ ਅਤੇ ਬਰਾਸ ਨੱਕਲ ਵੀ ਬਰਾਮਦ ਕੀਤੇ ਗਏ। ਜਾਂਚਕਰਤਾਵਾਂ ਨੇ ਦੱਸਿਆ ਕਿ ਜੈਕ ਹੋਲਮੈਨ ਪਹਿਲਾਂ ਹੀ ਜ਼ਮਾਨਤ ’ਤੇ ਚੱਲ ਰਿਹਾ ਸੀ ਅਤੇ ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਖਤ ਹਦਾਇਤ ਮਿਲੀ ਹੋਈ ਸੀ ਪਰ ਉਸ ਨੇ ਪਰਵਾਹ ਨਾ ਕੀਤੀ। ਦੂਜੇ ਪਾਸੇ ਰਾਘਵਨ ’ਤੇ ਪਹਿਲਾਂ ਹੀ ਹਥਿਆਰ ਰੱਖਣ ਦੀ ਪਾਬੰਦੀ ਲੱਗੀ ਹੋਈ ਹੈ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਯਾਰਕ ਰੀਜਨਲ ਪੁਲਿਸ ਦੇ ਗੰਨਜ਼, ਗੈਂਗਜ਼ ਐਂਡ ਡਰੱਗ ਐਨਫੋਰਸਮੈਂਟ ਯੂਨਿਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਅਜਿਹੀ ਕੋਈ ਜਾਣਕਾਰੀ ਹੋਵੇ ਤਾਂ ਉਹ ਸੰਪਰਕ ਕਰੇ।