ਇਸਲਾਮਾਬਾਦ, 25 ਅਗਸਤ 2024 : ਪਾਕਿਸਤਾਨ ਵਿਚ ਦੋ ਭਿਆਨਕ ਸੜਕ ਹਾਦਸੇ ਵਾਪਰ ਚੁੱਕੇ ਹਨ। ਵੱਖ-ਵੱਖ ਬੱਸ ਹਾਦਸਿਆਂ ਵਿੱਚ 11 ਸ਼ਰਧਾਲੂਆਂ ਸਮੇਤ 37 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਉਸ ਸਮੇਂ ਹੋਇਆ ਜਦ 70 ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਬਲੋਚਿਸਤਾਨ ਸੂਬੇ ਦੇ ਮਕਰਾਨ ਕੋਸਟਲ ਹਾਈਵੇਅ 'ਤੇ ਬੇਕਾਬੂ ਹੋ ਗਈ। ਇਸ ਹਾਦਸੇ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਬੱਸ ਸ਼ੀਆ ਸ਼ਰਧਾਲੂਆਂ ਨੂੰ ਈਰਾਨ ਤੋਂ ਪੰਜਾਬ ਸੂਬੇ ਵਿਚ ਵਾਪਸ ਲਿਆ ਰਹੀ ਸੀ। ਮਕਰਾਨ ਕੋਸਟਲ ਹਾਈਵੇਅ ਇੱਕ 653 ਕਿਲੋਮੀਟਰ ਲੰਬਾ ਰਾਸ਼ਟਰੀ ਰਾਜਮਾਰਗ ਹੈ ਜੋ ਪਾਕਿਸਤਾਨ ਦੇ ਅਰਬ ਸਾਗਰ ਤੱਟ ਦੇ ਨਾਲ ਸਿੰਧ ਸੂਬੇ ਦੇ ਕਰਾਚੀ ਤੋਂ ਬਲੋਚਿਸਤਾਨ ਸੂਬੇ ਦੇ ਗਵਾਦਰ ਤੱਕ ਫੈਲਿਆ ਹੋਇਆ ਹੈ। ਪੁਲਿਸ ਸੂਤਰਾਂ ਅਨੁਸਾਰ ਹਾਦਸੇ ਵਿੱਚ ਸ਼ਾਮਲ ਜ਼ਿਆਦਾਤਰ ਯਾਤਰੀ ਲਾਹੌਰ ਜਾਂ ਗੁਜਰਾਂਵਾਲਾ ਦੇ ਰਹਿਣ ਵਾਲੇ ਸਨ। ਘੰਟਿਆਂ ਬਾਅਦ, 35 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਇੱਕ ਖੱਡ ਵਿੱਚ ਡਿੱਗ ਗਈ, ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਪਹਾੜੀ ਖੇਤਰ ਵਿੱਚ ਵਾਪਰੇ ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਾਧਨੋਤੀ ਦੇ ਡਿਪਟੀ ਕਮਿਸ਼ਨਰ ਉਮਰ ਫਾਰੂਕ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਬੱਚੇ, ਔਰਤਾਂ ਤੇ ਪੁਰਸ਼ ਸ਼ਾਮਲ ਹਨ ਤੇ ਸਾਰੇ ਸਾਧਨੋਤੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਪੁਲਿਸ, ਪ੍ਰਸ਼ਾਸਨ ਅਤੇ ਬਚਾਅ ਦਲ ਮੌਕੇ 'ਤੇ ਮੌਜੂਦ ਹਨ। ਪੁਲਿਸ ਨੇ ਦੱਸਿਆ ਕਿ ਕੁਝ ਲੋਕਾਂ ਦੀ ਪਛਾਣ ਕਰ ਲਈ ਗਈ ਹੈ।