- ਦਿਲਜੀਤ ਦੁਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 2 ਜਨਵਰੀ 2024 : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਨਵੇਂ ਸਾਲ ਦੇ ਮੌਕੇ ’ਤੇ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੋਦੀ ਨੇ ਸਾਧਾਰਨ ਸ਼ੁਰੂਆਤ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਲਈ ਦੁਸਾਂਝ ਦੀ ਚੰਗੀ ਸ਼ਲਾਘਾ ਕੀਤੀ। ਮੋਦੀ ਨੇ ਇੰਸਟਾਗ੍ਰਾਮ ’ਤੇ ਦੋਵਾਂ ਦੀ ਗੱਲਬਾਤ ਦਾ ਇਕ ਛੋਟਾ ਕਲਿੱਪ ਸਾਂਝਾ ਕਰਦੇ ਹੋਏ ਕਿਹਾ ‘ਇਕ ਬਹੁਤ ਹੀ ਯਾਦਗਾਰ ਗੱਲਬਾਤ।’ ਉਨ੍ਹਾਂ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ, ‘ਦਿਲਜੀਤ ਦੁਸਾਂਝ ਦੇ ਨਾਲ ਇਕ ਸ਼ਾਨਦਾਰ ਗੱਲਬਾਤ। ਉਹ ਅਸਲ ’ਚ ਬਹੁਪੱਖੀ ਯੋਗਤਾ ਦੇ ਧਨੀ ਹਨ। ਅਸੀਂ ਸੰਗੀਤ, ਸੱਭਿਆਚਾਰ ਤੇ ਕਈ ਚੀਜ਼ਾਂ ’ਤੇ ਗੱਲਬਾਤ ਕੀਤੀ।’ ਦੋਵਾਂ ਵਿਚਾਲੇ ਹੋਈ ਗੱਲਬਾਤ ਨੂੰ ਦੁਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਇਸ ਮੁਲਾਕਾਤ ’ਚ ਮੋਦੀ ਦੁਸਾਂਝ ਨੂੰ ਕਹਿੰਦੇ ਹਨ, ‘ਭਾਰਤ ਦੇ ਪਿੰਡ ਦਾ ਇਕ ਮੁੰਡਾ, ਜਦ ਦੁਨੀਆ ’ਚ ਨਾਂ ਰੋਸ਼ਨ ਕਰਦਾ ਹੈ ਤਾਂ ਬਹੁਤ ਚੰਗਾ ਲਗਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਤੇ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਹੀ ਜਾ ਰਹੇ ਹੋ।’ ਦਿਲਜੀਤ ਕਹਿੰਦੇ ਹਨ, ‘ਅਸੀਂ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ... ਪਰ ਜਦ ਮੈਂ ਭਾਰਤ ਘੁੰਮਿਆ ਤਾਂ ਮੈਨੂੰ ਪਤਾ ਲੱਗਾ ਕਿ ਸਾਡੇ ਦੇਸ਼ ਨੂੰ ਮਹਾਨ ਕਿਉਂ ਕਹਿੰਦੇ ਹਨ। ਭਾਰਤ ’ਚ ਸਭ ਤੋਂ ਵੱਡਾ ਜਾਦੂ ਯੋਗ ਹੈ।’ ਇਸ ’ਤੇ ਮੋਦੀ ਨੇ ਕਿਹਾ ਕਿ ਯੋਗ ਦਾ ਜਿਸ ਨੇ ਤਜਰਬਾ ਕੀਤਾ ਹੈ ਉਹੀ ਇਸ ਦੀ ਤਾਕਤ ਜਾਣਦਾ ਹੈ। ਦਿਲਜੀਤ ਪ੍ਰਧਾਨ ਮੰਤਰੀ ਮੋਦੀ ਦੇ ਮਾਂ ਦੇ ਪ੍ਰੇਮ ਤੇ ਗੰਗਾ ਦੇ ਪ੍ਰਤੀ ਉਨ੍ਹਾਂ ਦੀ ਆਸਥਾ ਨੂੰ ਲੈ ਕੇ ਕਹਿੰਦੇ ਹਨ ਕਿ ਤੁਸੀਂ ਜੋ ਸ਼ਬਦ ਉਨ੍ਹਾਂ ਪ੍ਰਤੀ ਕਹੇ ਉਸ ’ਚ ਸਾਫ਼ ਝਲਕਦਾ ਸੀ ਕਿ ਉਹ ਤੁਹਾਡੇ ਦਿਲ ਤੋਂ ਨਿਕਲੇ ਹਨ। ਇਸ ਤੋਂ ਬਾਅਦ ਦਿਲਜੀਤ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਆਪਣੀ ਸ਼ਰਧਾ ਨੂੰ ਗੀਤ ਰਾਹੀਂ ਜ਼ਾਹਰ ਕੀਤਾ। ਖ਼ਾਸ ਗੱਲ ਇਹ ਹੈ ਕਿ ਜਦ ਦਿਲਜੀਤ ਗੀਤ ਗੁਣਗੁਣਾ ਰਹੇ ਸਨ ਤਾਂ ਪ੍ਰਧਾਨ ਮੰਤਰੀ ਮੋਦੀ ਮੇਜ਼ ’ਤੇ ਉਂਗਲੀਆਂ ਨਾਲ ਉਨ੍ਹਾਂ ਨੂੰ ਤਾਲ ਦਿੰਦੇ ਨਜ਼ਰ ਆਏ।