- ਢੀਂਡਸਾ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ
ਚੰਡੀਗੜ੍ਹ, 11 ਜੁਲਾਈ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਭਰਵੇਂ ਮੀਂਹ ਕਾਰਨ ਵਿਗੜੇ ਹਾਲਾਤ ਦੇ ਸਨਮੁੱਖ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਅਤੇ ਮੀਂਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਪੰਜਾਬ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਵੀ ਇਸ ਮੌਕੇ ਸਾਰੇ ਕੰਮ ਛੱਡਕੇ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਵਿਚ ਲਗਾਤਾਰ ਭਰਵੇਂ ਮੀਂਹ ਕਾਰਨ ਸੂਬੇ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਜਿਸ ਕਰਕੇ ਲੋਕ ਸਹਿਮ ਵਿਚ ਹਨ। ਅਜਿਹੇ ਵਿਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸੰਕਟ ਦੀ ਇਸ ਘੜੀ ਵਿਚ ਆਪਣੀ ਸਮਰੱਥਾ ਅਨੁਸਾਰ ਵਧ ਤੋ ਵਧ ਪੀੜਤਾਂ ਦੀ ਮਦਦ ਕਰੀਏ। ਹਾਲਾਂਕਿ ਮੰਗਲਾਵਰ ਮੀਹ ਘਟਣ ਕਾਰਨ ਕੁਝ ਸੁੱਖ ਦਾ ਸਾਹ ਜਰੂਰ ਆਇਆ ਹੈ ਪ੍ਰੰਤੂ ਹਾਲੇ ਵੀ ਜਿਆਦਾਤਰ ਥਾਵਾਂ ਤੇ ਹਾਲਾਤ ਠੀਕ ਨਹੀ ਹਨ ਅਤੇ ਲੋਕਾਂ ਨੂੰ ਮਦਦ ਦੀ ਬੇਹੱਦ ਜਰੂਰਤ ਹੈ। ਉਨ੍ਹਾ ਕਿਹਾ ਕਿ ਲਗਾਤਾਰ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਪਾਣੀ ਘਰਾਂ ਵਿੱਚ ਵੜ ਗਿਆ ਅਤੇ ਫ਼ਸਲਾਂ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ।